ਗੁਰਿੰਦਰ ਸਿੰਘ
ਲੁਧਿਆਣਾ, 5 ਅਕਤੂਬਰ
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਲੜਾਈ ਛੁਡਾਉਣ ਗਏ ਪੁਲੀਸ ਮੁਲਾਜ਼ਮਾਂ ਦੀ ਖਿੱਚ ਧੂਹ ਕਰ ਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਮੋਟਰਸਾਈਕਲ ਭੰਨਣ ਦੇ ਦੋਸ਼ ਹੇਠ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇੱਕ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੀਸੀਆਰ ਮੋਟਰਸਾਈਕਲ ਨੰਬਰ 58 ’ਤੇ ਸੁਬੇਗ ਸਿੰਘ, ਸਿਪਾਹੀ ਨਿਰਮਲ ਸਿੰਘ ਨਾਲ ਡਿਊਟੀ ’ਤੇ ਸੀ ਤਾਂ ਕੰਟਰੋਲ ਰੂਮ ’ਤੇ ਰਿੰਕੀ ਪਤਨੀ ਰਾਧੇ ਸ਼ਾਮ ਵਾਸੀ ਫਲਾਵਰ ਡੇਲ ਬਾੜੇਵਾਲ ਨੇ ਮੁਹੱਲੇ ਵਿੱਚ ਲੜਾਈ ਸਬੰਧੀ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਸੁਬੇਗ ਸਿੰਘ ਅਤੇ ਸਿਪਾਹੀ ਨਿਰਮਲ ਸਿੰਘ ਫਲਾਵਰ ਡੇਲ ਬਾੜੇਵਾਲ ਪੁੱਜੇ। ਜਦੋਂ ਉਨ੍ਹਾਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲੀਸ ਨਾਲ ਗਾਲੀ-ਗਲੋਚ ਕਰਨ ਲੱਗ ਪਏ ਅਤੇ ਇੱਕ ਵਿਅਕਤੀ ਨੇ ਸੁਬੇਗ ਸਿੰਘ ਨੂੰ ਗਲਿਓਂ ਫੜ ਕੇ ਵਰਦੀ ਦੇ ਬਟਨ ਤੋੜ ਦਿੱਤੇ ਅਤੇ ਪਿਸਤੌਲ ਖੋਹਣ ਦੀ ਨੀਅਤ ਨਾਲ ਹੱਥ ਪਾਇਆ। ਉਨ੍ਹਾਂ ਪੀਸੀਆਰ ਮੋਟਰਸਾਈਕਲ ਦੀ ਹੈੱਡਲਾਈਟ ਵੀ ਤੋੜ ਦਿੱਤੀ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਰਾਮਨਾਥ, ਅਮਰਜੀਤ, ਸੂਰਜ ਅਤੇ ਸਰਵਣ ਸਾਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਸ਼ੀਲਾ ਦੇਵੀ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਈ। ਪੁਲੀਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।