ਗੁਰਿੰਦਰ ਸਿੰਘ
ਲੁਧਿਆਣਾ, 1 ਸਤੰਬਰ
ਐਂਟੀ ਸਮਗਲਿੰਗ ਸੈੱਲ ਦੀ ਪੁਲੀਸ ਨੇ ਹਰਿਆਣਾ ਅਤੇ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਵੇਚਣ ਦੇ ਦੋਸ਼ ਅਧੀਨ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਸੌ ਪੇਟੀਆਂ (3600 ਬੋਤਲਾਂ) ਸ਼ਰਾਬ ਬਰਾਮਦ ਕੀਤੀ ਹੈ। ਏਐੱਸਆਈ ਰਾਜੇਸ਼ ਕੁਮਾਰ ਦੀ ਅਗਵਾਈ ਹੇਠਲੀ ਪੁਲੀਸ ਨੇ ਇਹ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਜਦੋਂ ਅਰੋੜਾ ਸਿਨੇਮਾ ਕੱਟ ਸ਼ਿਮਲਾਪੁਰੀ ਵਿੱੱਚ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਕੁਝ ਲੋਕ ਹਰਿਆਣਾ ਅਤੇ ਚੰਡੀਗੜ੍ਹ ਦੀ ਸ਼ਰਾਬ ਵੇਚਣ ਲਈ ਆ ਰਹੇ ਹਨ। ਉਨ੍ਹਾਂ ਤੁਰੰਤ ਗਿੱਲ ਨਹਿਰ ਤੇ ਨਾਕਾ ਲਗਾ ਕੇ ਜਦੋਂ ਟਾਟਾ 407 ਨੰਬਰ ਪੀਬੀ 12 ਏਟੀ 8985 ਅਤੇ ਉਸ ਅੱਗੇ ਪਾਇਲਟ ਵਜੋਂ ਚੱਲ ਰਹੀ ਵਰਨਾ ਕਾਰ ਸੀਐੱਚ 01 ਏਜੇ 5678 ਨੂੰ ਰੋਕ ਕੇ ਟਾਟਾ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 300 ਪੇਟੀ ਕ੍ਰੇਜ਼ੀ ਰੋਮੀਓ ਸ਼ਰਾਬ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਾਰ ਚਾਲਕ ਦੀਪਕ ਕੁਮਾਰ ਵਾਸੀ ਚੰਡੀਗੜ੍ਹ ਤੋਂ ਇਲਾਵਾ ਗੁਰਮੀਤ ਸਿੰਘ ਵਾਸੀ ਜ਼ੀਰਕਪੁਰ, ਸੇਠੀ ਰਾਮ ਵਾਸੀ ਪੰਚਕੂਲਾ ਅਤੇ ਬਲਜਿੰਦਰ ਸਿੰਘ ਵਾਸੀ ਪਿੰਡ ਤਿਰਪੁਲਾ ਨੇੜੇ ਰਾਜਪੁਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਯੋਗੇਸ਼ ਕੁਮਾਰ ਵਾਸੀ ਹਮੀਰਪੁਰ ਅਤੇ ਐੱਮਪੀ ਸਿੰਘ ਉਰਫ਼ ਵਿੱਕੀ ਵਾਸੀ ਚੰਡੀਗੜ੍ਹ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਸਾਰੇ ਜਣੇ ਸ਼ਰਾਬ ਠੇਕੇਦਾਰ ਵਿਨੋਦ ਗੁਪਤਾ ਅਤੇ ਸੁਸ਼ੀਲ ਕੁਮਾਰ ਵਾਸੀ ਅੰਬਾਲਾ ਦੇ ਠੇਕੇ ਤੋਂ ਸ਼ਰਾਬ ਲਿਆ ਕੇ ਅੱਗੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਸ਼ਰਾਬ ਠੇਕੇਦਾਰਾਂ ਸਮੇਤ 8 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਭਗੌੜਿਆਂ ਦੀ ਭਾਲ ਕੀਤੀ ਜਾ ਰਹੀ ਹੈ ।