ਗੁਰਿੰਦਰ ਸਿੰਘ
ਲੁਧਿਆਣਾ, 21 ਦਸੰਬਰ
ਥਾਣਾ ਸਾਹਨੇਵਾਲ ਦੀ ਪੁਲੀਸ ਵੱਲੋਂ ਭੁੱਕੀ ਚੂਰਾ ਪੋਸਤ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ, ਦੋ ਟਰਾਲੇ ਕਬਜ਼ੇ ਵਿੱਚ ਲਏ ਗਏ ਹਨ। ਜਾਂਚ ਅਧਿਕਾਰੀ ਥਾਣੇਦਾਰ ਅਮਰਜੀਤ ਸਿੰਘ ਕਰਾਈਮ ਬਰਾਂਚ-1 ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਜੀਟੀ ਰੋਡ ਸਥਿਤ ਗੁਰਦੁਆਰਾ ਅਤਰਸਰ ਨੇੜੇ ਫਲਾਈਓਵਰ ਕੋਲ ਮੌਜੂਦ ਸੀ ਤਾਂ ਪੁਲੀਸ ਪਾਰਟੀ ਨੇ ਦੋ ਟਰਾਲਿਆਂ ਵਿੱਚ ਚਾਰ ਵਿਅਕਤੀ ਨੂੰ ਆਉਂਦੇ ਵੇਖਿਆ। ਉਨ੍ਹਾਂ ਆਪਣੇ ਟਰਾਲੇ ਰੋਕੇ ਅਤੇ ਦੋ ਥੈਲੇ ਲੈ ਕੇ ਝਾੜੀਆਂ ਵਾਲੇ ਪਾਸੇ ਚਲੇ ਗਏ। ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਜਦੋਂ ਥੈਲਿਆਂ ਦੀ ਜਾਂਚ ਪੜਤਾਲ ਕੀਤੀ ਤਾਂ ਉਨ੍ਹਾਂ ਵਿੱਚੋਂ 15 ਕਿੱਲੋ ਭੁੱਕੀ ਚੂਰਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਪਿੰਡ ਸਵੱਦੀ ਵਾਸੀ ਬਲਜੀਤ ਸਿੰਘ ਉਰਫ਼ ਜਵਾਹਰ ਅਤੇ ਸੰਨੀ ਕੁਮਾਰ, ਰਘਬੀਰ ਸਿੰਘ ਵਾਸੀ ਪਿੰਡ ਲੋਹਟਬੱਦੀ ਅਤੇ ਪ੍ਰਗਟ ਸਿੰਘ ਵਾਸੀ ਰਾਏਕੋਟ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਅਤੇ ਰਘਬੀਰ ਸਿੰਘ ਟਰਾਲੇ ਦੇ ਡਰਾਈਵਰ ਹਨ ਜਦਕਿ ਸੰਨੀ ਕੁਮਾਰ ਅਤੇ ਪ੍ਰਗਟ ਸਿੰਘ ਉਨ੍ਹਾਂ ਨਾਲ ਕੰਡਕਟਰੀ ਕਰਦੇ ਹਨ।
ਪੁਲੀਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਦੋਹੇਂ ਟਰਾਲੇ ਵੀ ਪੁਲੀਸ ਨੇ ਕਬਜ਼ੇ ਵਿੱਚ ਲੈ ਲਏ ਹਨ।