ਦੇਵਿੰਦਰ ਸਿੰਘ ਜੱਗੀ
ਪਾਇਲ, 12 ਦਸੰਬਰ
ਇਤਿਹਾਸਕ ਪਿੰਡ ਘੁਡਾਣੀ ਕਲਾਂ ਦੇ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਸਰਪੰਚ ਹਰਿੰਦਰਪਾਲ ਸਿੰਘ ਹਨੀ ਵੱਲੋਂ ਨਿਰਮਲ ਗਰਾਮ ਪੁਰਸਕਾਰ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਰਪੰਚ ਹਰਿੰਦਰਪਾਲ ਸਿੰਘ ਹਨੀ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰ ਕੇ ਕਿਰਸਾਨਾਂ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਕਿਸਾਨ ਦਾ ਪੁੱਤਰ ਹੈ ਜੋ ਕੇਂਦਰ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਸਰਪੰਚ ਹਨੀ ਨੇ ਕਿਹਾ ਕਿ ਉਨ੍ਹਾਂ ਸਰਕਾਰ ਵੱਲੋਂ ਦਿੱਤੇ ਨਿਰਮਲ ਗਰਾਮ ਪੁਰਸਕਾਰ ਤੋਂ ਕੀ ਕਰਾਉਣਾ ਜੇਕਰ ਉਨ੍ਹਾਂ ਸਾਡੇ ਕਿਸਾਨ ਭਰਾਵਾਂ ਦੀ ਸੁਣਵਾਈ ਨਹੀਂ ਕਰਨੀ। ਉਨ੍ਹਾਂ ਰਾਸ਼ਟਰਪਤੀ ਵੱਲੋਂ ਮਿਲੇ ਪੁਰਸਕਾਰ ਨੂੰ ਐੱਸਡੀਐੱਮ ਪਾਇਲ ਰਾਹੀਂ ਭੇਜਣ ਦਾ ਫ਼ੈਸਲਾ ਲਿਆ ਹੈ।
ਗੌਰਵਦੀਪ ਵੱਲੋਂ ਕੌਮੀ ਪੁਰਸਕਾਰ ਵਾਪਸ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਲੁਧਿਆਣਾ ਦੇ 24 ਸਾਲਾ ਨੌਜਵਾਨ ਆਗੂ ਗੌਰਵਦੀਪ ਸਿੰਘ ਵੱਲੋਂ ਸਿੰਘੂ ਬਾਰਡਰ ਦੀ ਸਟੇਜ ’ਤੇ ਆਪਣਾ ਕੌਮੀ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਗਿਆ ਸੀ। ਅੱਜ ਉਸ ਨੇ ਲੁਧਿਆਣਾ ਦੇ ਡੀਸੀ ਦਫ਼ਤਰ ਜਾ ਕੇ ਵਧੀਕ ਡਿਪਟੀ ਕਮਿਸ਼ਨਰ ਦੇ ਹੱਥ ਸਰਕਾਰ ਨੂੰ ਵਾਪਸ ਕੀਤਾ। ਉਸ ਨੇ ਦੱਸਿਆ ਕਿ 6 ਸਾਲ ਭਾਰਤੀ ਚੋਣ ਕਮਿਸ਼ਨ ਦੇ ਨਾਲ ਪੰਜਾਬ ਅਤੇ ਦਿੱਲੀ ਵਿਚ ਵੋਟਰ ਜਾਗਰੂਕਤਾ ਕਰ ਕੇ ਲੱਖਾਂ ਲੋਕਾਂ ਨੂੰ ਵੋਟ ਦਾ ਮਹੱਤਵ ਸਮਝਾਉਣ ਮਗਰੋਂ 2018 ’ਚ ਭਾਰਤ ਸਰਕਾਰ ਦਾ ਦਿੱਤਾ ਗਿਆ ਕੌਮੀ ਯੁਵਾ ਪੁਰਸਕਾਰ (ਨੈਸ਼ਨਲ ਯੂਥ ਐਵਾਰਡ) ਸਰਕਾਰ ਨੂੰ ਵਾਪਸ ਮੋੜ ਦਿੱਤਾ ਹੈ। ਗੌਰਵ ਨੇ ਦੱਸਿਆ ਕਿ 6 ਸਾਲ ਵੋਟਰ ਜਾਗਰੂਕਤਾ ਲਈ ਕੀਤਾ ਕੰਮ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸੀ ਪਰ ਪਿਛਲੇ ਕੁੱਝ ਸਾਲਾਂ ਤੋਂ ਕੇਂਦਰ ਸਰਕਾਰ ਆਪਣੇ ਵੋਟਰਾਂ ਲਈ ਕੰਮ ਕਰਨ ਦੀ ਥਾਂ ਆਪਣੇ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ। ਉਸ ਨੇ ਕਿਹਾ ਕਿ ਆਪਣੇ ਹੀ ਦੇਸ਼ ਦੀ ਰਾਜਧਾਨੀ ’ਚ ਆਪਣੇ ਹੀ ਦੇਸ਼ ਦੇ ਕਿਸਾਨ ਨੂੰ ਵੜ੍ਹਨ ਤੋਂ ਰੋਕਿਆ ਜਾਣਾ ਬੜਾ ਹੀ ਮੰਦਭਾਗਾ ਹੈ।