ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਸਤੰਬਰ
ਸਨਅਤੀ ਸ਼ਹਿਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਸਾਬਕਾ ਮੰਤਰੀ ਆਸ਼ੂ ਦੇ ਹਲਕੇ ਵਿੱਚ ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ। ਸਾਬਕਾ ਮੰਤਰੀ ਆਸ਼ੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਹਨ ਤੇ ਉਸ ਦਾ ਲਾਹਾ ਲੈਂਦੇ ਹੋਏ ਅੱਜ ਵਿਧਾਇਕ ਗੋਗੀ ਨੇ ਹਲਕਾ ਪੱਛਮੀ ਤੋਂ ਕਾਂਗਰਸ ਤੇ ਅਕਾਲੀ ਦਲ ਕੌਂਸਲਰ ਤੇ ਸਾਬਕਾ ਕੌਂਸਲਰਾਂ ਹੱਥ ‘ਝਾੜੂ’ ਫੜ੍ਹਾ ਦਿੱਤਾ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿੱਚ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਾਂਗਰਸੀ ਦੀ ਸੀਨੀਅਰ ਮਹਿਲਾ ਕਾਂਗਰਸ ਅੰਮ੍ਰਿਤ ਵਰਸ਼ਾ ਰਾਮਪਾਲ, ਕਾਲਾ ਘੁੰਮਣ ਨੂੰ ਆਪ ’ਚ ਸ਼ਾਮਲ ਕਰਵਾਇਆ। ਇਸਦੇ ਨਾਲ ਹੀ ਅਕਾਲੀ ਦਲ ਤੋਂ ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ, ਸਾਬਕਾ ਕਾਂਗਰਸੀ ਕੌਂਸਲਰ ਸਤਵਿੰਦਰ ਸਿੰਘ ਜਵੱਦੀ ਤੇ ਕਪਿਲ ਕੁਮਾਰ ਸੋਨੂੰ, ਭਾਵਾਧਸ ਆਗੂ ਨਰੇਸ਼ ਧੀਂਗਾਨ ਨੇ ਵੀ ਆਪਣੀ ਪਾਰਟੀ ਛੱਡ ‘ਆਪ’ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਕੱਤਰ ਰੋਮਿਲਾ ਬਾਂਸਲ ਅਤੇ ਫੂਲ ਬਦਨ ਕਾਂਗਰਸ ਛੱਡ ਕੇ ਆਪ ਵਿੱਚ ਸਾਮਲ ਹੋਏ। ਆਰਟੀਆਈ ਕਾਰਕੁਨ ਤੇ ਕਾਂਗਰਸ ਆਰਟੀਆਈ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਮੱਕੜ ਵੀ ‘ਆਪ’ ਵਿੱਚ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਗੋਗੀ ਨੇ ਕਿਹਾ ਕਿ ਇਹ ਸਾਰੇ ਆਗੂ ਲੰਮੇ ਸਮੇਂ ਤੋਂ ਨਗਰ ਨਿਗਮ ਵਿੱਚ ਆਪਣੀਆਂ ਜਨ ਸੇਵਾਵਾਂ ਦੇ ਰਹੇ ਹਨ। ਮਹਿਲਾ ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ ਚਾਰ ਵਾਰ ਦੇ ਕੌਂਸਲਰ ਹਨ। ਤਨਵੀਰ ਧਾਲੀਵਾਲ ਨੇ ਲਗਾਤਾਰ ਦੋ ਵਾਰ ਜਿੱਤ ਹਾਸਲ ਕੀਤੀ ਸੀ ਤੇ ਨਗਰ ਨਿਗਮ ਜਨਰਲ ਹਾਊਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਆਵਾਜ਼ ਸਨ। ਇਸੇ ਤਰ੍ਹਾਂ ਕਪਿਲ ਕੁਮਾਰ ਸੋਨੂ ਵੀ ਆਜ਼ਾਦ ਕੌਂਸਲਰ ਵਜੋਂ ਜਿੱਤੇ ਸਨ ਤੇ ਬਾਅਦ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਸਤਵਿੰਦਰ ਜਵੱਦੀ ਪੁਰਾਣੇ ਟਕਸਾਲੀ ਕਾਂਗਰਸੀ ਹਨ ਤੇ ਕੌਸਲਰ ਵੀ ਰਹੇ ਹਨ। ਚਰਚਾ ਹੈ ਕਿ ਇਹ ਸਾਰੇ ਹੀ ਕੌਂਸਲਰ ਤੇ ਸਾਬਕਾ ਕੌਂਸਲਰ ਕਿਤੇ ਨਾ ਕਿਤੇ ਸਾਬਕਾ ਮੰਤਰੀ ਆਸ਼ੂ ਤੋਂ ਕਾਫ਼ੀ ਪ੍ਰੇਸ਼ਾਨ ਸਨ। ਇਨ੍ਹਾਂ ਵਿੱਚੋਂ ਕਈਆਂ ਦੀਆਂ ਟਿਕਟਾਂ ਕੱਟ ਕੇ ਸਾਬਕਾ ਮੰਤਰੀ ਨੇ ਆਪਣੇ ਖਾਸ ਵਿਅਕਤੀਆਂ ਨੂੰ ਦਿੱਤੀ ਸੀ