ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 15 ਜੂਨ
ਥਾਣਾ ਸਦਰ ਦੇ ਪਿੰਡ ਬਰਸਾਲ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਾਬਕਾ ਸਰਪੰਚ ਦੀ ਪਿੰਡ ਦੇ ਪਿਉ-ਪੁੱਤਰ ਵੱਲੋਂ ਘਰ ’ਚ ਦਾਖਲ ਹੋ ਕੇ ਕੁੱਟ ਮਾਰ ਕਰਨ ਅਤੇ ਗੰਭੀਰ ਜ਼ਖਮੀ ਕਰਨ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ।
ਮਾਮਲੇ ਬਾਰੇ ਏਐੱਸਆਈ ਅਯੈਬ ਮਸੀਹ ਅਤੇ ਸਾਬਕਾ ਸਰਪੰਚ ਗੁਰਬਖਸ਼ ਸਿੰਘ ਨੇ ਦੱਸਿਆ ਕਿ ਸਰਪੰਚ ਆਪਣੇ ਪਿੰਡ ਦੀ ਸੱਥ ’ਚ ਰੱਖੇ ਫੱਟੇ ’ਤੇ ਪਿੰਡ ਦੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਕਿ ਅਚਾਨਕ ਉੱਥੇ ਪਿੰਡ ਦਾ ਹੀ ਪਰਮਿੰਦਰਪਾਲ ਸਿੰਘ ਨਾਂ ਦਾ ਵਿਅਕਤੀ ਕਾਰ ਖੜ੍ਹੀ ਕਰਕੇ ਆ ਗਿਆ। ਸੱਥ ’ਚ ਬੈਠੇ ਸਾਬਕਾ ਸਰਪੰਚ ਗੁਰਬਖਸ਼ ਸਿੰਘ ਨੂੰ ਅਪਸ਼ਬਦ ਬੋਲਣ ਲੱਗਾ। ਸੱਥ ’ਚ ਬੈਠੇ ਹੋਰ ਬਜ਼ੁਰਗਾਂ ਨੇ ਸਰਪੰਚ ਨੂੰ ਘਰ ਭੇਜ ਦਿੱਤਾ। ਸਾਬਕਾ ਸਰਪੰਚ ਗੁਰਬਖਸ਼ ਸਿੰਘ ਆਪਣੇ ਘਰ ਚਲਾ ਗਿਆ ਅਤੇ ਪਿੰਡ ਦੇ ਹੀ ਦੋ ਹੋਰ ਮੋਹਤਬਰ ਜੁਗਰਾਜ ਸਿੰਘ ਅਤੇ ਬੂਟਾ ਸਿੰਘ ਵੀ ਸਰਪੰਚ ਦੇ ਘਰ ਆ ਗਏ ਅਤੇ ਚਾਹ ਪੀਣ ਲੱਗੇ। ਇੰਨੇ ਨੂੰ ਪਰਮਿੰਦਰਪਾਲ ਸਿੰਘ ਆਪਣੇ ਪੁੱਤਰ ਹਰਨੂਰ ਸਿੰਘ ਨੂੰ ਨਾਲ ਲੈ ਕੇ ਸਰਪੰਚ ਦੇ ਘਰ ਆ ਗਿਆ ਤੇ ਆਉਂਦੇ ਹੀ ਉਸ ਨੇ ਸਰਪੰਚ ਦੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਫਿਰ ਉਸ ਦੀ ਦੋਵਾਂ ਨੇ ਕੁੱਟਮਾਰ ਕੀਤੀ। ਰੌਲਾ ਪੈਣ ਮਗਰੋਂ ਲੋਕ ਇਕੱਠੇ ਹੁੰਦੇ ਦੇਖ ਕੇ ਦੋਵੇਂ ਪਿਉ-ਪੁੱਤ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਸਾਬਕਾ ਸਰਪੰਚ ਗੁਰਬਖਸ਼ ਸਿੰਘ ਦੇ ਬਿਆਨਾਂ ’ਤੇ ਪਰਮਿੰਦਰਪਾਲ ਸਿੰਘ, ਹਰਨੂਰ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਉਨ੍ਹਾਂ ਨੂੰ ਹਿਰਾਸਤ ’ਚ ਲੈਣ ਲਈ ਛਾਪਾ ਮਾਰਿਆ ਪਰ ਦੋਵਾਂ ’ਚੋਂ ਕੋਈ ਵੀ ਪੁਲੀਸ ਦੇ ਹੱਥ ਨਹੀਂ ਲੱਗਾ। ਦੋਵਾਂ ਧਿਰਾਂ ’ਚ ਕਿਸੇ ਕੇਸ ਦੀ ਗਵਾਹੀ ਨੂੰ ਲੈ ਕੇ ਤਕਰਾਰ ਹੈ।