ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਜੁਲਾਈ
ਜੰਗਲਾਤ ਵਿਭਾਗ ਅੰਦਰ ਸੈਂਕੜੇ ਕੱਚੇ ਕਰਮਚਾਰੀਆਂ ਨੂੰ ਅਪਰੈਲ ਤੋਂ ਬਿਨਾਂ ਤਨਖ਼ਾਹ ਦੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਕਾਰਨ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਕੌਰ ਸਮਰਾਲਾ ਦੀ ਅਗਵਾਈ ਹੇਠ ਵਣ ਮੰਡਲ ਅਫ਼ਸਰ ਲੁਧਿਆਣਾ ਹਰਭਜਨ ਸਿੰਘ ਰਾਹੀਂ ਜੰਗਲਾਤ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਲੀਲ੍ਹ ਤੋਂ ਇਲਾਵਾ ਹਰਜੀਤ ਸਿੰਘ, ਕੁਲਦੀਪ ਲਾਲ ਮੱਤੇਵਾੜਾ, ਲਖਵੀਰ ਸਿੰਘ, ਬਲਕਾਰ ਰਾਮ, ਗੰਗਾ ਰਾਮ, ਕੁਲਵੰਤ ਸਿੰਘ, ਹਰਪ੍ਰੀਤ ਸਿੰਘ, ਸਿਮਰਨਜੀਤ ਸਿੰਘ ਸ਼ਾਮਲ ਸਨ। ਆਗੂਆਂ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਪਹਿਲਾਂ ਹੀ ਨਿਗੁਣੀਆਂ ਤਨਖਾਹਾਂ ਉੱਪਰ ਕੰਮ ਕਰਦੇ ਕੱਚੇ ਵਰਕਰਾਂ ਨੂੰ ਅੱਜ ਅਤਿ ਦੀ ਮਹਿੰਗਾਈ ਅੰਦਰ ਭੁੱਖੇ ਮਾਰਨ ਦੇ ਰਸਤੇ ਉੱਪਰ ਚੱਲ ਪਈ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਦੇ ਕੱਚੇ ਵਰਕਰਾਂ ਨੂੰ ਜਾਨ ਮਾਲ ਦੀ ਰਾਖੀ ਲਈ ਨਾ ਕੋਈ ਸੇਫਟੀ ਕਿੱਟ, ਨਾ ਹੀ ਕਿਸੇ ਪ੍ਰਕਾਰ ਦੀ ਕੋਈ ਕੁਦਰਤੀ ਗੈਰ ਕੁਦਰਤੀ ਦੁਰਘਟਨਾ ਜਾਂ ਬਿਮਾਰੀ ਮੌਕੇ ਕੋਈ ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇੱਥੋਂ ਤੱਕ ਕੇ ਕਿਸੇ ਪ੍ਰਕਾਰ ਅਚਨਚੇਤ ਛੁੱਟੀ ਤੱਕ ਵੀ ਨਹੀਂ ਦਿੱਤੀ ਜਾ ਰਹੀ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੀ ਤਨਖਾਹ ਜਲਦੀ ਰਿਲੀਜ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਅਜਿਹਾ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਜੱਥੇਬੰਦੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।