ਰਾਮ ਗੋਪਾਲ ਰਾਏਕੋਟੀ
ਰਾਏਕੋਟ, 11 ਜੁਲਾਈ
ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਾਂਹ ਵਧੂ ਪਿੰਡ ਨੱਥੋਵਾਲ ਵਾਸੀਆਂ ਨੇ ਪਿੰਡ ਵਿੱਚ ਖਾਲੀ ਪਾਈ ਖੇਤੀਯੋਗ ਜ਼ਮੀਨ ਨੂੰ ਜੰਗਲ ਵਜੋਂ ਵਿਕਸਤ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਹੈ। ਵਾਤਾਵਰਨ ਨੂੰ ਸੰਭਾਲਣ ਦਾ ਇਹ ਕਾਰਜ ਪਿੰਡ ਦੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਅਗਾਂਹ ਵਧੂ ਸੋਚ ਵਾਲੇ ਨੌਜਵਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸ਼ਹੀਦ ਕੁਲਦੀਪ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਵਾਲੀ ਸੜਕ ’ਤੇ ਪਿੰਡ ਦੀ ਢਾਈ ਏਕੜ ਖਾਲੀ ਜ਼ਮੀਨ ਬੇਆਬਾਦ ਪਈ ਸੀ। ਪਿੰਡ ਵਾਲਿਆਂ ਦੀ ਆਪਸੀ ਸਹਿਮਤੀ ਨਾਲ ਇਸ ਜ਼ਮੀਨ ਉੱਤੇ ਜੰਗਲ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਫਿਲਹਾਲ ਸ਼ੁਰੂਆਤੀ ਗੇੜ੍ਹ ਵਿੱਚ ਡੇਢ ਏਕੜ ਜ਼ਮੀਨ ਉੱਤੇ ਜੰਗਲ ਲਗਾਇਆ ਜਾ ਰਿਹਾ ਹੈ ਜਦਕਿ ਇਕ ਏਕੜ ਕੁਝ ਸਮੇਂ ਬਾਅਦ ਵਿਕਸਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਥੇ 20 ਤੋਂ ਵਧੇਰੇ ਕਿਸਮ ਦੇ ਪੌਦੇ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਰਿਵਾਇਤੀ, ਫਲਦਾਰ, ਮੈਡੀਸਿਨਲ, ਵਾਤਾਵਰਨ ਸ਼ੁੱਧ ਕਰਨ ਵਾਲੇ ਅਤੇ ਛਾਂਦਾਰ ਬੂਟੇ ਸ਼ਾਮਲ ਹਨ। ਇਨ੍ਹਾਂ ਪੌਦਿਆਂ ਨੂੰ ਸੰਭਾਲਣ ਲਈ ਖੇਤੀਬਾੜੀ ਵਾਲੀ ਮੋਟਰ ਲਗਾਈ ਗਈ ਹੈ। ਇਸ ਜੰਗਲ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਪਿੰਡ ਵਾਲਿਆਂ ਨੇ ਸਾਂਝੇ ਤੌਰ ’ਤੇ ਲਈ ਹੈ। ਇਸ ਮੌਕੇ ਲੋਕ ਸਭਾ ਮੈਂਬਰ ਅਮਰ ਸਿੰਘ ਦੇ ਓਐੱਸਡੀ ਜਗਪ੍ਰੀਤ ਸਿੰਘ ਬੁੱਟਰ ਨੇ ਭਰੋਸਾ ਦਿੱਤਾ ਕਿ ਇਸ ਜੰਗਲ ਨੂੰ ਚੰਗੀ ਤਰ੍ਹਾਂ ਪ੍ਰਫੁੱਲਤ ਕਰਨ ਲਈ ਪ੍ਰਸ਼ਾਸਨ ਵੱਲੋਂ ਮਨਰੇਗਾ ਤਹਿਤ ਸਹਾਇਤਾ ਕੀਤੀ ਜਾਵੇਗੀ।
ਇਸ ਮੌਕੇ ਮਨਪ੍ਰੀਤ ਸਿੰਘ ਬੁੱਟਰ, ਜਗਦੇਵ ਸਿੰਘ, ਪ੍ਰੀਤਮ ਸਿੰਘ ਬੁੱਟਰ, ਗੁਰਸੇਵਕ ਸਿੰਘ ਸੇਬੀ, ਲੱਖਾ ਬੁੱਟਰ, ਸੀਰਾ ਮਠਾੜੂ, ਸਰਬਾ ਬੁੱਟਰ, ਹਰਵਿੰਦਰ ਸਿੰਘ ਬਿੱਟੂ, ਗੁਰਜੀਤ ਸਿੰਘ, ਹਾਕੀ ਕਲੱਬ ਨੱਥੋਵਾਲ, ਬਾਬਾ ਸਿੱਧ ਕਮੇਟੀ ਅਤੇ ਹੋਰ ਹਾਜ਼ਰ ਸਨ।