ਜਗਰਾਉਂ: ਦੇਸ਼ ਦੀ ਅੰਡਰ-17 ਫੁਟਬਾਲ ਟੀਮ ਵਿੱਚ ਖੇਡਣ ਵਾਲੇ ਨੇੜਲੇ ਪਿੰਡ ਕਮਾਲਪੁਰਾ ਦੇ ਦੋ ਖਿਡਾਰੀਆਂ ਬਲਕਰਨ ਹੰਸਰਾ ਤੇ ਗੁਰਨਾਜ਼ ਗਰੇਵਾਲ ਦਾ ਅੱਜ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਉਨ੍ਹਾਂ ਦੇ ਪਿੰਡ ਪਹੁੰਚ ਕੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਇੱਕੋ ਪਿੰਡ ਦੇ ਦੋਵੇਂ ਖਿਡਾਰੀਆਂ ਦਾ ਭਾਰਤ ਦੀ ਅੰਡਰ-17 ਫੁਟਬਾਲ ਟੀਮ ਵਿੱਚ ਖੇਡਦਿਆਂ ਸ੍ਰੀਲੰਕਾ ਦੇ ਸੈਫ ਕੱਪ ਵਿੱਚ ਸੋਨ ਤਗ਼ਮਾ ਜਿੱਤਣਾ ਅਤੇ ਯੂਏਈ ’ਚ ਏਐੱਫਸੀ ਕੱਪ ਜਿੱਤ ਕੇ ਏਸ਼ੀਆ ਕੱਪ ਲਈ ਕੁਆਲੀਫਾਈ ਕਰਨਾ ਪੰਜਾਬੀਆਂ ਲਈ ਵੱਡੇ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਧਾਰਨ ਘਰਾਂ ‘ਚੋਂ ਉੱਠ ਕੇ ਸਖ਼ਤ ਮਿਹਨਤ ਨਾਲ ਇਥੇ ਪੁੱਜੇ ਇਨ੍ਹਾਂ ਦੋਵਾਂ ਨੌਜਵਾਨਾਂ ਤੋਂ ਪਿੰਡ ਵਾਸੀਆਂ ਨੂੰ ਹੀ ਨਹੀਂ ਸਮੁੱਚੇ ਪੰਜਾਬ ਨੂੰ ਵੱਡੀਆਂ ਉਮੀਦਾਂ ਹਨ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ, ਜਗਦੇਵ ਸਿੰਘ, ਅਮਰਜੀਤ ਸਿੰਘ ਤੇ ਪ੍ਰਿਤਪਾਲ ਸਿੰਘ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ