ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਮਈ
ਸੂਬੇ ਦੀ ਵਪਾਰਕ ਹੱਬ ਵਜੋਂ ਮਸ਼ਹੂਰ ਲੁਧਿਆਣਾ ਵਿੱਚ ਕੋਵਿਡ-19 ਕਰਕੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਲੱਗੇ ਹਫ਼ਤਾਵਾਰੀ ਕਰਫਿਊ ਦੌਰਾਨ ਸਾਰੇ ਬਾਜ਼ਾਰ ਬੰਦ ਰਹੇ ਅਤੇ ਸੜਕਾਂ ਪੂਰੀ ਤਰ੍ਹਾਂ ਸੁੰਨੀਆਂ ਰਹੀਆਂ। ਮੁੱਖ ਸੜਕਾਂ ’ਤੇ ਵੀ ਟਾਵਾਂ-ਟਾਵਾਂ ਵਾਹਨ ਹੀ ਚੱਲ ਰਿਹਾ ਸੀ। ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਦੇ ਨਵੇਂ ਮਾਮਲੇ ਘੱਟ ਹੋਣ ਤੋਂ ਬਾਅਦ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਫ਼ਤੇ ਦੇ ਬਾਕੀ ਦਿਨ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਸਵੇਰੇ 5 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਖੋਲ੍ਹਣ ਦੇ ਹੁਕਮ ਕੀਤੇ ਹੋਏ ਹਨ ਪਰ ਸ਼ਨਿੱਚਰਵਾਰ ਅਤੇ ਐਤਵਾਰ ਦਾ ਹਫ਼ਤਾਵਾਰੀ ਕਰਫਿਊ ਲਗਾਤਾਰ ਜਾਰੀ ਹੈ। ਆਮ ਦਿਨਾਂ ਵਿੱਚ ਪੂਰੀ ਤਰ੍ਹਾਂ ਭਰੇ ਰਹਿਣ ਵਾਲੇ ਬਾਜ਼ਾਰ ਇਸ ਕਰਫਿਊ ਦੌਰਾਨ ਪੂਰੀ ਤਰ੍ਹਾਂ ਸੁੰਨੇ ਦਿਖਾਈ ਦਿੱਤੇ। ਸੜਕਾਂ ਵੀ ਪੂਰੀ ਤਰ੍ਹਾਂ ਸੁੰਨੀਆਂ ਪਈਆਂ ਸਨ। ਇਸ ਦੌਰਾਨ ਮੁੱਖ ਸੜਕਾਂ ’ਤੇ ਹੀ ਜ਼ਰੂਰੀ ਕੰਮਾਂ ’ਤੇ ਜਾਣ ਵਾਲੇ ਵਾਹਨ ਦਿਖਾਈ ਦਿੱਤੇ। ਦੂਜੇ ਪਾਸੇ ਸ਼ਹਿਰ ਤੋਂ ਦੂਰ ਦੁਰਾਡੇ ਇਲਾਕਿਆਂ ਵਿੱਚ ਇਨ੍ਹਾਂ ਦੋ ਦਿਨਾਂ ਵਿੱਚ ਭਾਵੇਂ ਬਾਜ਼ਾਰ ਬੰਦ ਰਹੇ ਪਰ ਸੜਕਾਂ ’ਤੇ ਭੀੜ ਉਸੇ ਤਰ੍ਹਾਂ ਬਰਕਰਾਰ ਰਹੀ। ਕਈ ਇਲਾਕੇ ਤਾਂ ਅਜਿਹੇ ਵੀ ਦੇਖਣ ਨੂੰ ਮਿਲੇ ਜਿੱਥੇ ਲੋਕ ਕਰੋਨਾ ਤੋਂ ਬਚਾਅ ਲਈ ਮਾਸਕ ਆਦਿ ਪਾਉਣ ਤੋਂ ਵੀ ਗੁਰੇਜ ਕਰ ਰਹੇ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਵੇਂ ਕਰਫਿਊ ਦੌਰਾਨ ਸਿਰਫ ਦਵਾਈਆਂ ਵਾਲੀਆਂ ਦੁਕਾਨਾਂ, ਹਸਪਤਾਲ ਅਤੇ ਹੋਰ ਅਜਿਹੀਆਂ ਜ਼ਰੂਰੀ ਦੁਕਾਨਾਂ ਆਦਿ ਖੋਲ੍ਹਣ ਦੀ ਖੁੱਲ੍ਹ ਹੈ ਪਰ ਕਈ ਥਾਵਾਂ ’ਤੇ ਲੋਕ ਦੁਕਾਨਾਂ ਦੇ ਪਿਛਲੇ ਪਾਸੇ ਰੱਖੇ ਦਰਵਾਜਿਆਂ ਰਾਹੀਂ ਬਿਨਾਂ ਰੋਕ ਟੋਕ ਸਭ ਵਸਤਾਂ ਵੇਚਦੇ ਵੀ ਦੇਖੇ ਗਏ। ਇਸ ਮੌਕੇ ਕਈ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਹਫ਼ਤੇ ਦੇ ਸਾਰੇ ਦਿਨ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 9 ਵਜੇ ਤੱਕ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਕਰਕੇ ਉਨ੍ਹਾਂ ਦੇ ਕੰਮ ਪਹਿਲਾਂ ਹੀ ਪੂਰੀ ਤਰ੍ਹਾਂ ਠੱਪ ਹਨ ਅਤੇ ਹੁਣ ਹਫ਼ਤਾਵਾਰੀ ਕਰਫਿਊ ਨੇ ਉਨ੍ਹਾਂ ਦੇ ਕੰਮਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।