ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਕਤੂਬਰ
ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਵਿੱਚ ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ ਅੰਤਰ-ਸਕੂਲ ਲੋਕ ਨਾਚ ਮੁਕਾਬਲੇ ਕਰਵਾਏ ਗਏ। ਇਸ ਵਿੱਚ ਸ਼ਹਿਰ ਦੇ ਵੱਖ ਵੱਖ 20 ਸਕੂਲਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ ਤਰਸੇਮ ਚੰਦ ਕਲੇਹਰੀ, ਡਾ. ਨਿਖਿਤਾ ਵਰਮਾ ਅਤੇ ਹਰਜੀਤਪਾਲ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ। ਲੋਕ ਨਾਚ ਦੇ ਇਸ ਮੁਕਾਬਲੇ ਵਿੱਚ ਸਾਰੇ ਹੀ ਸਕੂਲਾਂ ਦੀਆਂ ਟੀਮਾਂ ਨੇ ਵਧੀਆ ਪੇਸ਼ਕਾਰੀ ਕੀਤੀ ਪਰ ਮਾਮੂਲੀ ਗਲਤੀਆਂ ਕਰਕੇ ਟੀਮਾਂ ਇੱਕ-ਦੂਜੇ ਤੋਂ ਪੱਛੜਦੀਆਂ ਗਈਆਂ। ਇਸ ਮੁਕਾਬਲੇ ਵਿੱਚ ਪੁਲੀਸ ਡੀਏਵੀ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ, ਕੇਵੀਐਮ ਸਿਟੀ ਕੈਂਪਸ ਦੀ ਟੀਮ ਨੇ ਦੂਜਾ ਜਦਕਿ ਡੀਏਵੀ, ਬੀਆਰਐਸ ਨਗਰ ਦੀ ਟੀਮ ਤੀਜੇ ਸਥਾਨ ’ਤੇ ਰਹੀ, ਜਦਕਿ ਨਨਕਾਣਾ ਸਾਹਿਬ ਪਬਲਿਕ ਸਕੂਲ ਅਤੇ ਸਪਰਿੰਗ ਡੇਲ ਪਬਲਿਕ ਸਕੂਲ ਦੀਆਂ ਟੀਮਾਂ ਨੂੰ ਹੌਸਲਾ ਵਧਾਊ ਇਨਾਮਾਂ ਨਾਲ ਸਨਮਾਨਿਆ। ਸਕੂਲ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਤੇ ਪ੍ਰਿੰਸੀਪਲ ਜੀਐਸ ਨਾਗੀ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ।