ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 2 ਜੂਨ
ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੂੰ ਕਰੋਨਾ ਫੈਲਾਅ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਜੇ ਸ਼ਹਿਰਾਂ ਦੇ ਸ਼ਾਪਿੰਗ ਮਾਲਾਂ ਦਾ ਹਾਲ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਇਹ ਕਰੋਨਾ ਫੈਲਾਉਣ ’ਚ ਮੋਰਹੀ ਹਨ। ਇੱਥੋਂ ਦੇ ਡੀ-ਮਾਰਟ ਸ਼ਾਪਿੰਗ ਮਾਲ ਵਿਚ ਲਗਾਤਾਰ ਕਰੋਨਾ ਨਿਯਮਾਂ ਅਤੇ ਡੀਸੀ ਲੁਧਿਆਣਾ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇੱਥੇ ਹਜ਼ਾਰਾਂ ਲੋਕ ਰੋਜ਼ਾਨਾ ਖ਼ਰੀਦਦਾਰੀ ਕਰਨ ਆਉਂਦੇ ਹਨ, ਪਰ ਕਿਸੇ ਵੱਲੋਂ ਕੋਈ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾਂਦੀ। ਦੂਜੇ ਪਾਸੇ, ਪ੍ਰਬੰਧਕ ਜਾਂ ਅਧਿਕਾਰੀ ਵੀ ਇਸ ਪ੍ਰਤੀ ਕੋਈ ਕਾਰਵਾਈ ਨਹੀਂ ਕਰਦੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਜੇ ਕਿਸਾਨ ਇਕੱਠੇ ਹੋ ਕੇ ਕੋਈ ਰੋਸ ਮੁਜ਼ਾਹਰਾ ਕਰਦੇ ਹਨ ਤਾਂ ਉਥੇ ਕਿਹਾ ਜਾਂਦਾ ਹੈ ਕਿ ਕਰੋਨਾ ਫੈਲਾ ਰਹੇ ਹਨ, ਪਰ ਇਨ੍ਹਾਂ ਮਾਲਾਂ ਵਿੱਚ ਸ਼ਰ੍ਹੇਆਮ ਉਡਾਈਆਂ ਜਾ ਰਹੀਆਂ ਧੱਜੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਵੀ ਨਜ਼ਰਅੰਦਾਜ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਇਸ ਸਬੰਧੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਅਮਲ ਵਿਚ ਨਾ ਲਿਆਂਦੀ ਤਾਂ ਰੋਸ ਧਰਨੇ ਦਿੱਤੇ ਜਾਣਗੇ।
ਇਸ ਸਬੰਧੀ ਮਾਲ ਦੇ ਮੈਨੇਜਰ ਸੁਭਾਸ਼ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਬਿਨਾਂ ਮਾਸਕ ਤੋਂ ਅੰਦਰ ਨਾ ਆਵੇ, ਪਰ ਕਈ ਵਾਰ ਜ਼ਿਆਦਾ ਲੋਕਾਂ ਦੇ ਆਉਣ ਕਾਰਨ ਸਰੀਰਕ ਦੂਰੀ ਦੇ ਨਿਯਮ ਵਿਚ ਦਿੱਕਤ ਆਉਂਦੀ ਹੈ।