ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 18 ਫਰਵਰੀ
ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਐੱਸਆਰ ਕਲੇਰ (ਸਾਬਕਾ ਵਿਧਾਇਕ) ਨੇ ਪਾਰਟੀ ਵਰਕਰਾਂ ਦੇ ਵੱਡੇ ਕਾਫਲੇ ਨਾਲ ਚੋਣ ਪ੍ਰਚਾਰ ਸਮਾਪਤ ਕਰਦੇ ਹੋਏ ਹਲਕੇ ਵਿੱਚ ਰੋਡ ਸ਼ੋਅ ਕੱਢਿਆ । ਸਵੇਰੇ ਸਵੱਖਤੇ ਸਿੱਧਵਾਂ ਬੇਟ ਰੋਡ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਵਿੱਚ ਸਕੂਟਰ, ਮੋਟਰਸਾਈਕਲ, ਟਰੈਕਟਰ ਟਰਾਲੀਆਂ ਅਤੇ ਪੈਦਲ ਲੋਕਾਂ ਨੇ ਹੱਥਾਂ ਵਿੱਚ ਪੀਲੀਆਂ ਨੀਲੀਆਂ ਝੰਡੀਆਂ ਨਾਲ ਸ਼ਮੂਲੀਅਤ ਕੀਤੀ। ਨਾਅਰਿਆਂ ਨਾਲ ਜਦੋਂ ਇਹ ਕਾਫਲਾ ਸ਼ਹਿਰ ਵੱਲ ਵਧਿਆ ਤਾਂ ਝਾਂਸੀ ਰਾਣੀ ਚੌਕ ਵਿੱਚ ਸ਼ਹਿਰ ਵਾਸੀਆਂ ਨੇ ਸਵਾਗਤ ਕੀਤਾ ਅਤੇ ਆਪਣੇ ਉਮੀਦਵਾਰ ’ਤੇ ਫੁੱਲਾਂ ਦੀ ਵਰਖਾ ਕੀਤੀ । ਕਾਫਲੇ ਵਿੱਚ ਸ਼ਾਮਲ ਭਾਈ ਗੁਰਚਰਨ ਸਿੰਘ ਗਰੇਵਾਲ,ਚੇਅਰਮੈਨ ਦੀਦਾਰ ਸਿੰਘ ਮਲਕ,ਚੇਅਰਮੈਨ ਕਮਲਜੀਤ ਸਿੰਘ ਮੱਲਾ, ਸਰਕਲ ਪ੍ਰਧਾਨ ਮਲਕੀਤ ਹਠੂਰ, ਪਰਮਿੰਦਰ ਚੀਮਾ, ਸਰਪ੍ਰੀਤ ਕਾਉਂਕੇ ਕਲਾਂ, ਸ਼ਹਿਰੀ ਪ੍ਰਧਾਨ ਇੰਦਰਜੀਤ ਲਾਂਬਾ, ਸਤੀਸ ਕੁਮਾਰ ਪੱਪੂ ਨੇ ਲੋਕਾਂ ਵੱਲੋਂ ਮਿਲੇ ਪਿਆਰ ਸਤਿਕਾਰ ਨੂੰ ਜਿੱਤ ਦੇ ਕਰੀਬ ਦੱਸਿਆ। ਇਸ ਮੌਕੇ ਸਾਬਕਾ ਵਿਧਾਇਕ ਕਲੇਰ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਸਦਾ ਰਿਣੀ ਰਹਿਣਗੇ ਅਤੇ ਅੰਤਿਮ ਸਾਹਾਂ ਤੱਕ ਸੇਵਾ ਕਰਨਗੇ । ਇਸ ਮੌਕੇ ਸਾਬਕਾ ਵਿਧਾਇਕ ਭਾਗ ਸਿੰਘ ਮੱਲਾ ਅਤੇ ਸ਼ਿਵਰਾਜ ਸਿੰਘ ਨੇ ਵੀ ਸੰਬੋਧਨ ਕੀਤਾ।