ਪੱਤਰ ਪ੍ਰੇਰਕ
ਜਗਰਾਉਂ, 5 ਜੂਨ
ਇੱਥੇ ਲਾਲਾ ਲਾਜਪਤ ਰਾਏ ਡੀਏਵੀ ਕਾਲਜ ਗਰਾਊਂਡ ਅਤੇ ਕੈਂਪਸ ਵਿੱਚ ਲੱਗੇ ਫਲੈਕਸ ਬੋਰਡਾਂ ਨੂੰ ਸਾੜਨ ਦੇ ਮਾਮਲੇ ਵਿੱਚ ਕਾਲਜ ਦੇ ਪ੍ਰੋਫੈਸਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪ੍ਰਿੰਸੀਪਲ ਵੱਲੋਂ ਪੁਲੀਸ ਨੂੰ ਇਸ ਲੈਕਚਰਾਰ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਪ੍ਰਿੰਸੀਪਲ ਡਾ. ਅਨੁਜ ਕੁਮਾਰ ਸ਼ਰਮਾ ਦੀ ਸ਼ਿਕਾਇਤ ’ਤੇ ਸਰੀਰਕ ਸਿੱਖਿਆ ਦੇ ਪ੍ਰੋਫੈਸਰ ਪਰਵਿੰਦਰ ਸਿੰਘ ਬਾਜਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 19 ਮਈ ਨੂੰ ਕਾਲਜ ਕੈਂਪਸ ’ਚ ਲੱਗੇ ਫਲੈਕਸੀ ਬੋਰਡ ਨੂੰ ਕਿਸੇ ਅਣਪਛਾਤੇ ਨੇ ਅੱਗ ਲਗਾ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਕਾਲਜ ਦੇ ਕਲਰਕ, ਚਪੜਾਸੀ ਅਤੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਸੀ। ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣ ’ਤੇ ਪਤਾ ਚੱਲਿਆ ਕਿ ਮੁਲਜ਼ਮ ਕਾਲਜ ਦਾ ਪ੍ਰੋ. ਪਰਵਿੰਦਰ ਸਿੰਘ ਬਾਜਵਾ ਹੀ ਹੈ। ਪ੍ਰਿੰਸੀਪਲ ਡਾ. ਅਨੁਜ ਨੇ ਦੱਸਿਆ ਕਿ ਬੋਰਡ ਸਾੜਨ, ਹਾਜ਼ਰੀ ਰਜਿਸ਼ਟਰ ਗਾਇਬ ਕਰਨ ਅਤੇ ਕੈਮਰਿਆਂ ਦੀਆਂ ਤਾਰਾਂ ਨਾਲ ਛੇੜ-ਛਾੜ ਕਰਨ ਪਿੱਛੇ ਇਸ ਪ੍ਰੋਫੈਸਰ ਦਾ ਹੀ ਹੱਥ ਹੈ। ਪੁਲੀਸ ਨੇ ਉਸ ਦੀ ਗ੍ਰਿਫ਼ਤਾਰ ਲਈ ਟੀਮ ਦਾ ਗਠਨ ਕੀਤਾ ਹੈ। ਪ੍ਰਿੰਸੀਪਲ ਨੇ ਉਸ ’ਤੇ ਧਮਕੀਆਂ ਦੇਣ ਦਾ ਦੋਸ਼ ਵੀ ਲਾਇਆ ਹੈ।