ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਅਕਤੂਬਰ
ਇਸ ਸ਼ਹਿਰ ਵਿੱਚ ਜਨਮ ਲੈ ਕੇ ਪੂਰੀ ਦੁਨੀਆ ਵਿੱਚ ਆਪਣੇ ਨਾਂ ਵਜੋਂ ਜਾਣੇ ਜਾਂਦੇ ਸਾਹਿਰ ਲੁਧਿਆਣਵੀ ’ਤੇ ਹੁਣ ਇੱਕ ਪ੍ਰਾਜੈਕਟ ਤਿਆਰ ਹੋਵੇਗਾ। ਨਗਰ ਸੁਧਾਰ ਟਰੱਸਟ ਨੇ ਅਟਲ ਅਪਾਰਟਮੈਂਟ ਦਾ ਨਾਂ ਬਦਲ ਕੇ ਸਾਹਿਰ ਲੁਧਿਆਣਵੀ ਅਟਲ ਅਪਾਰਟਮੈਂਟ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫਲੈਟ ਕਰਨੈਲ ਸਿੰਘ ਨਗਰ ਇਲਾਕੇ ਵਿੱਚ ਬਣਨੇ ਹਨ।
ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਪਿਛਲੀ ਸਰਕਾਰ ਸਮੇਂ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ ਸੀ ਪਰ ਇਹ ਪ੍ਰਾਜੈਕਟ ਵਿਚਾਲੇ ਹੀ ਫਸਿਆ ਹੋਇਆ ਹੈ। ਹੁਣ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਏਗਾ। ਦਰਅਸਲ, ਸਾਹਿਰ ਲੁਧਿਆਣਵੀ ਦੀ ਯਾਦ ’ਚ ਲੁਧਿਆਣਾ ਵਿੱਚ ਕੋਈ ਅਜਿਹੇ ਪ੍ਰਾਜੈਕਟ ਸਥਾਪਤ ਨਹੀਂ ਕੀਤਾ ਗਿਆ ਸੀ। ਸਰਕਾਰੀ ਕਾਲਜ ਦੇ ਆਡੀਟੋਰੀਅਮ ਤੋਂ ਇਲਾਵਾ ਸ਼ਹਿਰ ’ਚ ਸਾਹਿਰ ਦੇ ਨਾਮ ’ਤੇ ਕੋਈ ਸਮਾਰਕ ਨਹੀਂ ਹੈ। ਹੁਣ ਲੁਧਿਆਣਾ ਇੰਪਰੂਵਮੈਂਟ ਟਰੱਸਟ ਨੇ ਸਾਹਿਰ ਲੁਧਿਆਣਵੀ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ। ਟਰੱਸਟ ਕਰਨੈਲ ਸਿੰਘ ਨਗਰ ’ਚ ਪ੍ਰਸਤਾਵਿਤ ਅਪਾਰਟਮੈਂਟ ਪ੍ਰਾਜੈਕਟ ਆਫ਼ ਸਾਹਿਰ ਲੁਧਿਆਣਵੀ ਦਾ ਨਾਮ ’ਤੇ ਚਲ ਰਿਹਾ ਹੈ। ਪੱਖੋਵਾਲ ਰੋਡ ’ਤੇ ਕਰਨੈਲ ਸਿੰਘ ਨਗਰ ’ਚ 8.80 ਏਕੜ ’ਚ ਫਲੈਟ ਬਣਾਉਣ ਦੀ ਯੋਜਨਾ ਕਈ ਸਾਲ਼ਾਂ ਤੋਂ ਚੱਲ ਰਹੀ ਹੈ। ਇਸ ਪ੍ਰਾਜੈਕਟ ਨੂੰ ਦੋ ਵਾਰ ਆਖਰੀ ਸਟੇਜ ਤੱਕ ਪਹੁੰਚਾਇਆ ਗਿਆ, ਪਰ ਐਨ ਮੌਕੇ ’ਤੇ ਆ ਕੇ ਰੋਕ ਲੱਗਦੀ ਰਹੀ। ਹੁਣ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਪ੍ਰਾਜੈਕਟ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ। ਹੁਣ ਜਲਦੀ ਹੀ ਲੋਕਾਂ ਨੂੰ ਫਲੈਟ ਮਿਲਣਗੇ।
576 ਫਲੈਟ ਬਣਾਏ ਜਾਣਗੇ
ਇਸ ਪ੍ਰਾਜੈਕਟ ’ਚ ਕੁੱਲ 576 ਫਲੈਟ ਬਣਾਏ ਜਾਣਗੇ ਜਿਸ ’ਚ 220ਐਮਆਈਜੀ ਅਤੇ 356 ਐਚਆਈਜੀ ਫਲੈਟ ਬਣਾਏ ਜਾਣਗੇ। ਐਚਆਈਜੀ ਫਲੈਟ ਦਾ ਏਰੀਆ 2100 ਵਰਗ ਫੁੱਟ ਅਤੇ ਐਮਆਈਜੀ ਦਾ 1600 ਵਰਗ ਫੁੱਟ ਏਰੀਆ ਰੱਖਿਆ ਜਾਵੇਗਾ। ਇੱਥੇ ਬਣਨ ਵਾਲੇ ਟਾਵਰ 11 ਤੋਂ 12 ਮੰਜ਼ਿਲਾ ਹੋਣਗੇ। ਟਰੱਸਟ ਇਨ੍ਹਾਂ ਨੂੰ ਸੈਮੀ ਫਰਨਿਸ਼ਡ ਕਰਕੇ ਦੇਵੇਗਾ।