ਡੀਪੀਐੱਸ ਬੱਤਰਾ
ਸਮਰਾਲਾ, 21 ਅਗਸਤ
ਪਿੰਡ ਕੁਲੇਵਾਲ ਵਿਖੇ ਗੁੱਗਾ ਮਾੜੀ ਦੰਗਲ ਕਮੇਟੀ, ਸਮੂਹ ਗਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕੁਸ਼ਤੀ ਦੰਗਲ ਸਵਰਗੀ ਸ਼ੇਰ ਸਿੰਘ ਨੰਬਰਦਾਰ ਦੀ ਯਾਦ ਨੂੰ ਸਮਰਪਿਤ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਗਤਾਰ ਸਿੰਘ ਗੋਗੀ ਸਰਪੰਚ, ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 150 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਛਿੰਝ ਦੌਰਾਨ ਤਿੰਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਮੁਨੀਸ਼ ਡੂਮਛੇੜੀ ਅਤੇ ਭੋਲਾ ਅਟਾਰੀ ਦਰਮਿਆਨ ਹੋਈ, ਦੋਨਾਂ ਪਹਿਲਵਾਨਾਂ ਦਰਮਿਆਨ 20 ਮਿੰਟ ਕੁਸਤੀ ਹੁੰਦੀ ਰਹੀ ਪ੍ਰੰਤੂ ਕੋਈ ਨਤੀਜਾ ਸਾਹਮਣੇ ਨਾ ਆਇਆ ਤਾਂ ਪ੍ਰਬੰਧਕਾਂ ਨੇ ਪੁਆਇੰਟਾਂ ਦੇ ਅਧਾਰ ’ਤੇ ਕੁਸ਼ਤੀ ਕਰਵਾਈ, ਇਸ ਦੌਰਾਨ ਵੀ ਕੋਈ ਨਤੀਜਾ ਸਾਹਮਣੇ ਨਾ ਆਇਆ, ਅਖੀਰ ਪ੍ਰਬੰਧਕਾਂ ਨੇ ਦੋਨਾਂ ਨੂੰ ਸਾਂਝੇ ਤੌਰ ’ਤੇ ਜੇਤੂ ਕਰਾਰ ਦੇ ਦਿੱਤਾ। ਦੂਜੀ ਝੰਡੀ ਦੀ ਕੁਸ਼ਤੀ ਕਾਲੂ ਉਟਾਲਾਂ ਅਤੇ ਕਾਕਾ ਢਿੱਲਵਾਂ ਦਰਮਿਆਨ ਹੋਈ, ਇਹ ਕੁਸ਼ਤੀ ਕਾਫੀ ਦਿਲਚਸਪ ਰਹੀ, ਇਹ ਕੁਸਤੀ ਵੀ ਦੋਨਾਂ ਪਹਿਲਵਾਨਾਂ ਦਰਮਿਆਨ ਬਰਾਬਰ ਰਹੀ। ਤੀਜੀ ਝੰਡੀ ਦੀ ਕੁਸ਼ਤੀ ਜੱਸਾ ਉਟਾਲਾਂ ਨੇ ਗੋਲਡੀ ਫਿਰੋਜਪੁਰ ਨੂੰ ਅੰਕਾਂ ਦੇ ਅਧਾਰ ਤੇ ਹਰਾਇਆ। ਉਪਰੋਕਤ ਤੋਂ ਇਲਾਵਾ ਸੁਰਜਨ ਫਗਵਾੜਾ ਨੇ ਗੁਰਸੇਵਕ ਮੁਸ਼ਕਾਬਾਦ ਨੂੰ, ਜੋਤ ਮਲਕਪੁਰ ਨੇ ਸਨੀ ਮੁਸ਼ਕਾਬਾਦ ਨੂੰ ਵੀ ਅੰਕਾਂ ਦੇ ਅਧਾਰ ਤੇ ਹਰਾਇਆ। ਇਸ ਤੋਂ ਇਲਾਵਾ ਸਿੰਮਾ ਮਲਕਪੁਰ ਤੇ ਸਹਿਜ ਜਗਰਾਓਂ, ਦੀਪਕ ਡੂਮਛੇੜੀ ਤੇ ਨਵਾਬ ਅਲੀ ਕ੍ਰਮਵਾਰ ਬਰਾਬਰ ਰਹੇ। ਸਮਾਗਮ ਵਿੱਚ ਹਰਬੰਸ ਸਿੰਘ ਐੱਸਡੀਓ, ਕਸ਼ਮੀਰੀ ਲਾਲ, ਮੇਜਰ ਬਾਲਿਓਂ ਆਮ ਆਦਮੀ ਪਾਰਟੀ, ਸੁੱਖਾ ਸਰਪੰਚ, ਕੁਲਦੀਪ ਸਿੰਘ, ਸਤਨਾਮ ਸਿੰਘ, ਸਵਰਨਜੀਤ ਸਿੰਘ ਬਾਠ, ਰਣਧੀਰ ਸਿੰਘ, ਪ੍ਰੇਮਵੀਰ ਸੱਦੀ ਸਰਪੰਚ, ਅਵਤਾਰ ਸਿੰਘ ਸਰਪੰਚ ਸਮਸ਼ਪੁਰ, ਤੇਜਿੰਦਰ ਸਿੰਘ ਸਰਪੰਚ ਮਾਣਕੀ, ਜਗਦੇਵ ਸਿੰਘ ਢਿੱਲਵਾਂ, ਬਲਦੇਵ ਸਿੰਘ ਨੰਬਰਦਾਰ ਆਦਿ ਤੋਂ ਇਲਾਕੇ ਦੀਆਂ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।