ਗਗਨਦੀਪ ਅਰੋੜਾ
ਲੁਧਿਆਣਾ, 3 ਜੂਨ
ਮੁੱਖ ਅੰਸ਼
- ਪੁਲੀਸ ਫੋਰਸ ਦੇ ਨਾਲ ਕਮਾਂਡੋ ਵੀ ਸ਼ਾਮਲ
- ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ
ਘੱਲੂਘਾਰੇ ਹਫ਼ਤੇ ਦੇ ਚੱਲਦੇ ਜ਼ਿਲ੍ਹਾ ਪੁਲੀਸ ਨੇ ਪੂਰੀ ਤਰ੍ਹਾਂ ਤਿਆਰੀ ਕੀਤੀ ਹੋਈ ਹੈ। ਰੋਜ਼ਾਨਾ ਪੁਲੀਸ ਵੱਲੋਂ ਕਿਤੇ ਨਾ ਕਿਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਬਾਜ਼ਾਰਾਂ ’ਚ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਡੀਸੀਪੀ ਹੈੱਡਕੁਆਟਰ ਡਾ. ਅਖਿਲ ਚੌਧਰੀ ਦੀ ਅਗਵਾਈ ’ਚ ਏਡੀਸੀਪੀ-2 ਜਸਕਿਰਨ ਸਿੰਘ ਤੇਜਾ ਦੀ ਟੀਮ ਨੇ ਫਲੈਗ ਮਾਰਚ ਕੀਤਾ। ਫਲੈਗ ਮਾਰਚ ਦੌਰਾਨ ਬਲੈਕ ਕਮਾਂਡੋ ਵੀ ਪੁਲੀਸ ਦੇ ਨਾਲ ਮੌਜੂਦ ਸਨ। ਇਸ ਦੌਰਾਨ ਸੀਨੀਅਰ ਅਧਿਕਾਰੀਆਂ ਵੱਲੋਂ ਖੁਦ ਫਲੈਗ ਮਾਰਚ ਦੀ ਅਗਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਏਡੀਸੀਪੀ-2 ਦੇ ਇਲਾਕੇ ’ਚ ਫਲੈਗ ਮਾਰਚ ਕੱਢਿਆ ਗਿਆ। ਡੀਸੀਪੀ ਹੈੱਡ ਕੁਆਟਰ ਡਾ. ਅਖਿਲ ਚੌਧਰੀ ਦੀ ਅਗਵਾਈ ’ਚ ਫਲੈਗ ਮਾਰਚ ਗਿੱਲ ਚੌਕ ਤੋਂ ਸ਼ੁਰੂ ਹੋ ਕੇ ਭਗਵਾਨ ਚੌਕ, ਕੁਆਲਟੀ ਚੌਕ, ਸ਼ਿਮਲਾਪੁਰੀ, ਡਾਬਾ, ਸਾਹਨੇਵਾਲ, ਡੇਹਲੋਂ, ਆਲਮਗੀਰ, ਮਰਾਡੋ, ਦੁੱਗਰੀ ਤੇ ਫੁੱਲਾਂਵਾਲ ਚੌਕ ’ਤੇ ਜਾ ਕੇ ਖਤਮ ਹੋਇਆ। ਇਸ ਦੌਰਾਨ ਪੁਲੀਸ ਫੋਰਸ ਦੇ ਨਾਲ ਨਾਲ ਕਮਾਂਡੋ ਵੀ ਸ਼ਾਮਲ ਸੀ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘੱਲੂਘਾਰਾ ਹਫ਼ਤਾ ਹੋਣ ਕਾਰਨ ਕੋਈ ਭੀੜ ਇਕੱਠੀ ਨਾ ਕਰਨ ਤੇ ਨਾ ਹੀ ਕਿਸੇ ਤਰ੍ਹਾਂ ਦੀ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਨ। ਪੁਲੀਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਏਡੀਸੀਪੀ-4 ਕੁਲਦੀਪ ਸ਼ਰਮਾ ਦੀ ਅਗਵਾਈ ’ਚ ਏਸੀਪੀ ਈਸਟ ਤੇ ਏਸੀਪੀ ਇੰਡਸਟਰੀ ਇਲਾਕਾ-ਏ ਦੀ ਅਗਵਾਈ ’ਚ ਥਾਣਾ ਡਿਵੀਜ਼ਨ ਨੰ. 7, ਥਾਣਾ ਮੋਤੀ ਨਗਰ, ਥਾਣਾ ਜਮਾਲਪੁਰ, ਥਾਣਾ ਟਿੱਬਾ ਰੋਡ, ਥਾਣਾ ਕੂੰਮਕਲਾਂ ਤੇ ਥਾਣਾ ਮੇਹਰਬਾਨ ਦੇ ਇਲਾਕੇ ’ਚ ਫਲੈਗ ਮਾਰਚ ਕੱਢਿਆ ਗਿਆ। ਪੁਲੀਸ ਦੀ ਕਰੀਬ ਦੋ ਦਰਜਨ ਤੋਂ ਉਪਰ ਗੱਡੀਆਂ ਨੇ ਪੂਰੇ ਇਲਾਕੇ ’ਚ ਮਾਰਚ ਕੱਢਿਆ ਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।