ਪੱਤਰ ਪ੍ਰੇਰਕ
ਰਾਏਕੋਟ, 14 ਜਨਵਰੀ
ਸੂਬੇ ਵਿੱਚ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ ’ਚ ਆਦਰਸ਼ ਚੋਣ ਜ਼ਾਬਤਾ ਲੱਗਣ ਦੇ ਨਾਲ ਹੀ ਪੁਲੀਸ ਪ੍ਰਸ਼ਾਸਨ ਵੱਲੋਂ ਹਲਕੇ ਵਿੱਚ ਚੌਕਸੀ ਪੂਰੀ ਤਰ੍ਹਾਂ ਵਧਾ ਦਿੱਤੀ ਗਈ ਹੈ। ਇਸ ਸਬੰਧੀ ਅੱਜ ਰਾਏਕੋਟ ਵਿੱਚ ਪੰਜਾਬ ਪੁਲੀਸ ਅਤੇ ਨੀਮ ਫੌਜੀ ਦਸਤਿਆਂ ਵੱਲੋਂ ਐੱਸਡੀਐੱਮ ਗੁਰਵੀਰ ਸਿੰਘ ਕੋਹਲੀ ਅਤੇ ਡੀਐੱਸਪੀ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਰਾਏਕੋਟ ਸ਼ਹਿਰ ਦੇ ਹਰੀ ਸਿੰਘ ਨਲੂਆ ਚੌਕ ਤੋਂ ਤਲਵੰਡੀ ਦਰਵਾਜ਼ਾ, ਬਰਨਾਲਾ ਚੌਕ, ਬੱਸ ਸਟੈਂਡ, ਕੁਤਬਾ ਦਰਵਾਜ਼ਾ, ਕਮੇਟੀ ਦਰਵਾਜ਼ਾ ਅਤੇ ਤਾਜਪੁਰ ਚੌਕ ਤੋਂ ਹੁੰਦਾ ਹੋਇਆ, ਡੀਐੱਸਪੀ ਰਾਏਕੋਟ ਦਫ਼ਤਰ ਵਿੱਚ ਸਮਾਪਤ ਹੋਇਆ।ਐਸਡੀਐਮ ਗੁਰਵੀਰ ਸਿੰਘ ਕੋਹਲੀ ਨੇ ਦੱਸਿਆ ਕਿ ਇਹ ਫਲੈਗ ਮਾਰਚ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਕੱਢਿਆ ਜਾ ਰਿਹਾ ਹੈ ਤਾਂ ਜੋ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਹਰੇਕ ਵੋਟਰ ਬਿਨਾਂ ਕਿਸੇ ਡਰ ਖੌਫ ਦੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਿੱਚੋਂ ਸਿਆਸੀ ਪਾਰਟੀਆਂ ਦੇ ਫਲੈਕਸ ਬੋਰਡ ਵੀ ਹਟਾ ਦਿੱਤੇ ਗਏ ਹਨ।
ਪੁਲੀਸ ਨੇ ਚੌਕਸੀ ਵਧਾਈ; ਥਾਂ-ਥਾਂ ਵਾਹਨਾਂ ਦੀ ਚੈਕਿੰਗ
ਖੰਨਾ (ਨਿੱਜੀ ਪੱਤਰ ਪ੍ਰੇਰਕ):ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੁਲੀਸ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਹੀ ਹੈ, ਇਸ ਲਈ ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ਤੋਂ ਸ਼ਹਿਰ ਵਿਚ ਆ ਰਹੇ ਰਸਤਿਆਂ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ, ਬੱਸ ਸਟੈਂਡ ਵਰਗੀਆਂ ਹੋਰ ਜਨਤਕ ਥਾਵਾਂ ’ਤੇ ਵੀ ਪੁਲੀਸ ਨੇ ਆਪਣੀ ਚੌਕਸੀ ਵਧਾ ਦਿੱਤੀ ਹੈ। ਇਸ ਦੌਰਾਨ ਬੱਸਾਂ ਅਤੇ ਹੋਰ ਵਾਹਨਾਂ ਨੂੰ ਰੋਕ ਕੇ ਸ਼ੱਕੀ ਵਿਅਕਤੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ। ਇਸੇ ਤਰ੍ਹਾਂ ਰੇਲਵੇ ਸਟੇਸ਼ਨ ’ਤੇ ਡਾਗ ਸਕੁਐਡ ਦੀ ਵੀ ਮਦਦ ਲਈ ਗਈ। ਐੱਸਐੱਸਪੀ ਏਲਨਚੇਜ਼ੀਅਨ ਨੇ ਕਿਹਾ ਕਿ ਪੁਲੀਸ ਜ਼ਿਲ੍ਹਾ ਖੰਨਾ ’ਚ ਵੋਟਰਾਂ ਦੀ ਸੁਰੱਖਿਆ ਦੀ ਭਾਵਨਾ ਜਗਾਉਣ ਤੇ ਮੁਲਜ਼ਮਾਂ ’ਤੇ ਲਗਾਮ ਪਾਉਣ ਲਈ ਇਹ ਮੁਹਿੰਮ ਵਿੱਢੀ ਗਈ ਹੈ, ਜੋ ਲਗਾਤਾਰ ਜਾਰੀ ਰਹੇਗੀ। ਇਸ ਚੈਕਿੰਗ ਮੌਕੇ ਡੀਐੱਸਪੀ ਮਨਮੋਹਨ ਸਰਨਾ ਤੋਂ ਇਲਾਵਾ ਉੱਚ ਅਧਿਕਾਰੀ ਸ਼ਾਮਲ ਹੋਏ।