ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਅਕਤੂਬਰ
ਪੁਲੀਸ ਨੇ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਮੇਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਐਂਟੀ-ਨਾਰਕੋਟਿਕ ਸੈੱਲ ਦੇ ਇੰਸਪੈਕਟਰ ਸਤਵੰਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਸਬ-ਇੰਸਪੈਕਟਰ ਮੋਹਨ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਇੱਕ ਵਿਅਕਤੀ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਟੀ-ਪੁਆਇੰਟ ਸਤਿਸੰਗ ਘਰ ਲੁਹਾਰਾ ਨੇੜੇ ਮੌਜੂਦ ਸੀ ਤਾਂ ਸਾਹਮਣਿਓਂ ਪੈਦਲ ਆ ਰਿਹਾ ਸੂਰਜ ਡੋਮਾ ਵਾਸੀ ਮਹਿੰਦਰ ਨਗਰ ਪੁਲੀਸ ਪਾਰਟੀ ਨੂੰ ਵੇਖਕੇ ਭੱਜਣ ਲੱਗਾ ਜਿਸਦਾ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ ਗਿਆ। ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 65 ਗ੍ਰਾਮ ਹੈਰੋਇਨ ਬਰਾਮਦ ਹੋਈ।
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਥਾਣੇਦਾਰ ਦਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਤਾਜਪੁਰ ਚੌਕੀ ਦੇ ਨੇੜੇ ਲਾਏ ਨਾਕੇ ਦੌਰਾਨ ਕੇਂਦਰੀ ਜੇਲ ਵੱਲੋਂ ਐਕਟਿਵਾ ’ਤੇ ਆ ਰਹੇ ਕੁਲਦੀਪ ਸਿੰਘ ਅਤੇ ਕਿਸ਼ਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 9 ਗ੍ਰਾਮ ਹੈਰੋਇਨ ਅਤੇ 200 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਬਰਾਮਦ ਹੋਈਆਂ। ਇਸੇ ਤਰ੍ਹਾਂ ਥਾਣਾ ਮਿਹਰਬਾਨ ਦੇ ਥਾਣੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਸੀੜਾ ਚੌਕ ਨੇੜਿਓਂ ਸੰਦੀਪ ਸਿੰਘ ਅਤੇ ਸਹਿਜ ਸ਼ਰਮਾ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 22 ਗ੍ਰਾਮ ਹੈਰੋਇਨ, ਇੱਕ ਛੋਟਾ ਇਲੈਕਟ੍ਰਾਨਿਕ ਕੰਡਾ, 2150 ਰੁਪਏ ਅਤੇ ਛੋਟੀਆਂ ਪਲਾਸਟਿਕ ਲਿਫ਼ਾਫ਼ੀਆਂ ਵੀ ਬਰਾਮਦ ਹੋਈਆਂ ਹਨ।