ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜੁਲਾਈ
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸਵਨ ਕੁਮਾਰ ਨੂੰ ਕਤਲ ਕਰਨ ਦੇ ਮਾਮਲੇ ’ਚ ਕਮਿਸ਼ਨਰੇਟ ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਪਹਿਲਾਂ 2 ਅਤੇ ਫਿਰ 1 ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਤੋਂ ਬਾਅਦ ਬਚੇ ਪੰਜ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਗਿਆ। ਇਸ ਮਾਮਲੇ ’ਚ ਪੁਲੀਸ ਨੇ ਪਹਿਲਾਂ ਸਾਹਿਲ ਬਿਰਲਾ ਉਰਫ਼ ਸਾਹਿਲ, ਅਭਿਸ਼ੇਕ ਬਿਡਵਾਨ ਉਰਫ਼ ਖੈਚੂ ਨੂੰ ਕਾਬੂ ਕੀਤਾ ਸੀ। ਉਸ ਤੋਂ ਬਾਅਦ ਮੁਲਜ਼ਮ ਗਗਨ ਨੂੰ ਕਾਬੂ ਕੀਤਾ ਗਿਆ। ਪੁਲੀਸ ਫ਼ਰਾਰ ਮੁਲਜ਼ਮਾਂ ਦੀ ਭਾਲ ’ਚ ਵੀ ਛਾਪੇ ਮਾਰ ਰਹੀ ਸੀ। ਪੁਲੀਸ ਨੇ ਅੱਜ ਮੁੱਖ ਮੁਲਜ਼ਮ ਤਾਜਪੁਰ ਰੋਡ ਸਥਿਤ ਈਡਬਲਿਊਐੱਸ ਕਲੋਨੀ ਵਾਸੀ ਸਾਹਿਲ ਸੋਰਪੀ, ਵਿਸ਼ਾਲ ਉਰਫ਼ ਮਚਲ, ਮਨਪ੍ਰੀਤ ਸਿੰਘ ਉਰਫ਼ ਮੰਨੂ, ਅੰਕੁਰ ਤੇ ਵਿਕਾਸ ਨੂੰ ਵੀ ਕਾਬੂ ਕਰ ਲਿਆ। ਪੁਲੀਸ ਹੁਣ ਮੁਲਜ਼ਮਾਂ ਨੂੰ ਬੁੱਧਵਾਰ ਅਦਾਲਤ ’ਚ ਪੇਸ਼ ਕਰੇਗੀ।
ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ 15 ਜੁਲਾਈ ਨੂੰ ਸਵਨ ਕੁਮਾਰ ਦੇ ਭਰਾ ਸੁਮਿਤ ਦਾ ਮੁਲਜ਼ਮਾਂ ਦੇ ਨਾਲ ਝਗੜਾ ਹੋਇਆ ਸੀ ਤੇ ਕਾਫ਼ੀ ਬਹਿਸ ਹੋਈ ਸੀ।
ਆਸਪਾਸ ਦੇ ਲੋਕਾਂ ਵੱਲੋਂ ਬਚਾਅ ਕਾਰਨ ਉਸ ਸਮੇਂ ਮਾਮਲਾ ਸ਼ਾਂਤ ਹੋ ਗਿਆ ਤੇ ਦੋਵਾਂ ਪੱਖਾਂ ’ਚ ਸਮਝੌਤਾ ਕਰਵਾ ਦਿੱਤਾ ਗਿਆ। ਸਮਝੌਤਾ ਕਰਨ ਤੋਂ ਬਾਅਦ ਵੀ ਸੁਮਿਤ ਆਪਣਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਚਲਾ ਗਿਆ ਤਾਂ ਕਿ ਮੁਲਜ਼ਮਾਂ ’ਤੇ ਕਾਰਵਾਈ ਕੀਤੀ ਜਾ ਸਕੇ। ਇਸ ਬਾਰੇ ’ਚ ਜਦੋਂ ਮੁਲਜ਼ਮਾਂ ਨੂੰ ਪਤਾ ਲੱਗਿਆ ਤਾਂ ਉਹ ਗੁੱਸੇ ’ਚ ਆ ਗਏ ਤੇ ਸਿਵਲ ਹਸਪਤਾਲ ਹਥਿਆਰਾਂ ਨਾਲ ਲੈਸ ਹੋ ਕੇ ਪੁੱਜ ਗਏ। ਉੱਥੇ ਸੁਮਿਤ ਤਾਂ ਦਿਖਿਆ ਨਹੀਂ, ਪਰ ਸਵਨ ਬਾਹਰ ਖੜ੍ਹਾ ਦਿਖ ਗਿਆ। ਸਵਨ ਖੁਦ ਦੇ ਬਚਾਅ ਲਈ ਐਮਰਜੈਂਸੀ ਵਾਰਡ ’ਚ ਦਾਖਲ ਹੋਇਆ ਤਾਂ ਮੁਲਜ਼ਮ ਉਥੇ ਤੋੜ ਫੋੜ ਕਰਦੇ ਹੋਏ ਅੰਦਰ ਦਾਖਲ ਹੋਏ ਤੇ ਐਮਰਜੈਂਸੀ ਵਾਰਡ ’ਚ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਸਵਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੁਲਜ਼ਮਾਂ ਦੇ ਹੋਰਨਾਂ ਸਾਥੀਆਂ ਦੀ ਭਾਲ: ਪੁਲੀਸ ਕਮਿਸ਼ਨਰ
ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਕਿਹਾ ਕਿ 2 ਮੁਲਜ਼ਮਾਂ ਨੂੰ ਕਤਲ ਵਾਲੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦੋਂ ਕਿ ਮੁਲਜ਼ਮ ਗਗਨ ਨੂੰ 18 ਅਪਰੈਲ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਬਾਕੀ ਮੁਲਜ਼ਮਾਂ ਨੂੰ ਅੱਜ ਸਵੇਰੇ ਕਾਬੂ ਕੀਤਾ ਗਿਆ ਹੈ। ਪੁਲੀਸ ਇਹ ਵੀ ਜਾਂਚ ਕਰਨ ’ਚ ਲੱਗੀ ਹੈ ਕਿ ਹਾਲੇ ਇਸ ਮਾਮਲੇ ’ਚ ਮੁਲਜ਼ਮਾਂ ਦੇ ਨਾਲ ਹੋਰ ਕੌਣ ਸ਼ਾਮਲ ਸੀ।