ਪੱਤਰ ਪ੍ਰੇਰਕ
ਸਮਰਾਲਾ, 28 ਅਪਰੈਲ
ਪਿੰਡ ਦਿਆਲਪੁਰਾ ਵਿੱਚ ਇੱਕ ਅਕਾਲੀ ਆਗੂ ਦੇ ਘਰ ’ਤੇ ਫਾਇਰਿੰਗ ਕੀਤੀ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਿੰਡ ਦਿਆਲਪੁਰਾ ਵਿਖੇ ਦੇਰ ਰਾਤ 2 ਵਜੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਵਿਅਕਤੀ ਪਿੰਡ ’ਚ ਰਹਿੰਦੇ ਯੂਥ ਅਕਾਲੀ ਵਰਕਰ ਸੰਦੀਪ ਸਿੰਘ ਦੇ ਘਰ ਅੱਗੇ ਆਏ ਅਤੇ ਉਨ੍ਹਾਂ ਦੇ ਘਰ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੰਦੀਪ ਸਿੰਘ ਨੇ ਦੱਸਿਆ ਕਿ, ਜਿਸ ਵੇਲੇ ਫਾਇਰਿੰਗ ਕੀਤੀ ਜਾ ਰਹੀ ਸੀ, ਤਾਂ ਉਸ ਵਖ਼ਤ ਘਰ ਦੇ ਵਿਹੜੇ ਵਿੱਚ ਉਨ੍ਹਾਂ ਦਾ ਬਜ਼ੁਰਗ ਸੁੱਤਾ ਪਿਆ ਸੀ ਅਤੇ ਉਸ ਦਾ ਜਾਨੀ ਨੁਕਸਾਨ ਹੋਣੋ ਬਚਾਅ ਹੋ ਗਿਆ। ਸ਼ਰਾਰਤੀ ਅਨਸਰਾਂ ਵੱਲੋਂ ਕਰੀਬ 9 ਫਾਇਰ ਕੀਤੇ ਗਏ, ਜਿਸ ਵਿੱਚੋਂ ਇੱਕ ਗੋਲੀ ਅੰਦਰ ਖੜੀ ਕਾਰ ਦੇ ਸ਼ੀਸ਼ੇ ’ਤੇ ਲੱਗੀ ਹੈ ਅਤੇ ਕਈ ਗੋਲੀਆਂ ਘਰ ਦੇ ਮੁੱਖ ਗੇਟ ’ਤੇ ਮਾਰੀਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਹਲਕਾ ਸਮਰਾਲਾ ਦੇ ਅਕਾਲੀ ਦਲ ਦੇ ਇੰਚਾਰਜ਼ ਪਰਮਜੀਤ ਸਿੰਘ ਢਿੱਲੋਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇੱਕ ਹਫ਼ਤੇ ’ਚ ਅਕਾਲੀ ਵਰਕਰਾਂ ਦੇ ਘਰਾਂ ’ਤੇ ਹਮਲਾ ਕਰਨ ਵਾਲੇ ਅਨਸਰਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਵਰਕਰਾਂ ਵੱਲੋਂ ਇੱਥੇ ਵੱਡਾ ਧਰਨਾ ਲਗਾਇਆ ਜਾਵੇਗਾ। ਓਧਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਮਰਾਲਾ ਹਲਕੇ ’ਚ ਪਿੱਛਲੇ 10 ਦਿਨਾਂ ਵਿੱਚ ਹੀ ਗੋਲੀਆਂ ਚੱਲਣ ਦੀਆਂ ਤਿੰਨ ਘਟਨਾਵਾਂ ਵਾਪਰਨ ਨਾਲ ਇਲਾਕੇ ਅੰਦਰ ਦਹਿਸ਼ਤ ਭਰਿਆ ਮਾਹੌਲ ਬਣ ਚੁੱਕਾ ਹੈ।