ਗਗਨਦੀਪ ਅਰੋੜਾ
ਲੁਧਿਆਣਾ, 14 ਅਕਤੂਬਰ
ਸਨਅਤੀ ਸ਼ਹਿਰ ਵਿੱਚ ਪਟਾਕਿਆਂ ਦੀਆਂ ਲੱਗਣ ਵਾਲੀਆਂ ਆਰਜ਼ੀ ਦੁਕਾਨਾਂ ਦੇ ਡਰਾਅ ਤੋਂ ਪਹਿਲਾਂ ਹੀ ਪਟਾਕਾ ਵਪਾਰੀਆਂ ਤੇ ਭਾਜਪਾ ਆਗੂ ਦੇ ਸਮਰਥਕਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਡੀਸੀ ਦਫ਼ਤਰ ਅੱਗੇ ਲੁਧਿਆਣਾ ਹੋਲਸੇਲ ਫਾਇਰ ਵਰਕਸ ਐਸੋਸੀਏਸ਼ਨ ਨੇ ਧਰਨਾ ਲਗਾ ਦਿੱਤਾ, ਜਿੱਥੇ ਮੌਕੇ ’ਤੇ ਭਾਜਪਾ ਆਗੂ ਤੇ ਗੌਰਵ ਉਰਫ਼ ਗੋਰਾ ਪੁੱਜ ਗਏ। ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਜਲੰਧਰ ਬਾਈਪਾਸ ਨੇੜੇ ਸਥਿਤ ਦਾਣਾ ਮੰਡੀ ਵਿੱਚ ਦੀਵਾਲੀ ਦੇ ਤਿਉਹਾਰ ’ਤੇ ਲੱਗਦੀਆਂ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਦੀਆਂ ਫਾਈਲਾਂ ਨਾਲ ਗਲਤ ਤਜਰਬਾ ਸਰਟੀਫਿਕੇਟ ਲਗਾਏ ਗਏ ਹਨ। ਕੁੱਝ ਸ਼ਰਾਰਤੀ ਲੋਕ ਪੈਸੇ ਕਮਾਉਣ ਦੇ ਚੱਕਰ ਵਿੱਚ ਗਲਤ ਤਰੀਕੇ ਨਾਲ ਫਾਈਲਾਂ ਲਾ ਰਹੇ ਹਨ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਉਨ੍ਹਾਂ ਨੇ ਧਰਨਾ ਦਿੱਤਾ।
ਐਸੋਸੇਈਸ਼ੇਨ ਦੇ ਚੇਅਰਮੈਨ ਅਸ਼ੋਕ ਥਾਪਰ ਤੇ ਪ੍ਰਧਾਨ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਦੱਸਿਆ ਕਿ ਉਹ ਪਿਛਲੇ ਕਰੀਬ 25 ਸਾਲਾ ਤੋਂ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਵਿੱਚ ਦੀਵਾਲੀ ਮੌਕੇ ਪਟਾਕੇ ਵੇਚਣ ਦਾ ਕਾਰੋਬਾਰ ਕਰਦੇ ਆ ਰਹੇ ਹਨ ਅਤੇ ਇਸ ਸਾਲ ਵੀ ਪ੍ਰਸ਼ਾਸਨ ਵੱਲੋਂ ਜਾਰੀ ਲਾਇਸੈਂਸ ਫਾਰਮ ਭਰ ਕੇ ਜਮ੍ਹਾਂ ਕਰਵਾਏ ਗਏ ਹਨ, ਜਿਸ ਵਿੱਚ ਪੰਜ ਸਾਲਾਂ ਦੇ ਤਜਰਬੇ ਦਾ ਕਾਲਮ ਰੱਖਿਆ ਗਿਆ ਹੈ, ਜਿਸ ਦੀ ਮੰਗ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ । ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੇ ਲਾਇਸੈਂਸ ਨਾਲ ਨੱਥੀ ਕੀਤੇ ਹਨ ਪਰ ਕੁਝ ਸ਼ਰਾਰਤੀ ਲੋਕਾਂ ਨੇ ਪਟਾਕਾ ਮਾਰਕੀਟ ਵਿੱਚ ਦੁਕਾਨਾਂ ਲਾਉਣ ਲਈ ਕਥਿਤ ਤੌਰ ’ਤੇ ਜਾਅਲੀ ਤਜਰਬਾ ਸਰਟੀਫਿਕੇਟ ਨੱਥੀ ਕੀਤੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਦੇ ਵੀ ਫਾਰਮ ਹਨ। ਇਸ ਵਿੱਚ ਪੱਕੇ ਲਾਇਸੈਂਸ ਹੋਲਡਰ (ਮੈਗਜ਼ੀਨ ਹੋਲਡਰਾਂ) ਵੱਲੋ 20 ਤੋਂ 25 ਲੋਕਾਂ ਨੂੰ ਆਪਣੇ ਲੈਟਰਪੈਡ ’ਤੇ ਲਿਖ ਕੇ ਦਿੱਤਾ ਗਿਆ ਹੈ, ਜੋ ਕਿ ਸਰਾਸਰ ਗਲਤ ਹੈ। ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਮੰਗ ਕੀਤੀ ਹੈ ਕਿ ਜਿਸ ਵਿਅਕਤੀ ਨੇ ਤਜ਼ਰਬਾ ਸਰਟੀਫਿਕੇਟ ਜਾਰੀ ਕੀਤੇ ਗਏ ਹਨ ਤੇ ਜਿਹੜੇ ਲੋਕਾਂ ਦੇ ਨਾਂ ’ਤੇ ਤਜਰਬੇ ਬਣਾਏ ਗਏ ਹਨ, ਉਨ੍ਹਾਂ ਦੀ ਤਨਖਾਹ ਦੀ ਜਾਂਚ ਕੀਤੀ ਜਾਵੇ, ਜਿਸ ਤੋਂ ਸਭ ਕੁੱਝ ਸਪੱਸ਼ਟ ਹੋ ਜਾਵੇਗਾ।
ਭਾਜਪਾ ਆਗੂ ਗੋਰਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਜੋ ਵੀ ਫਾਈਲਾਂ ਵਿੱਚ ਸ਼ਰਤਾਂ ਰੱਖੀਆਂ ਸਨ, ਉਨ੍ਹਾਂ ਦੇ ਸਮਰਥਕਾਂ ਨੇ ਉਹ ਸਭ ਪੂਰੀਆਂ ਕੀਤੀਆਂ ਸਨ ਪਰ ਵੀ ਪੁਰਾਣੇ ਪਟਾਕਾ ਵਪਾਰੀ ਨਵੇਂ ਵਪਾਰੀਆਂ ਨਾਲ ਧੱਕਾ ਕਰ ਰਹੇ ਹਨ।
37 ਦੁਕਾਨਾਂ ਲਈ ਆਈਆਂ 1100 ਫਾਈਲਾਂ
ਦਰਅਸਲ ਪਟਾਕਾ ਦੁਕਾਨਾਂ ਘੱਟ ਗਿਣਤੀ ਵਿੱਚ ਲੱਗਣੀ ਹਨ, ਜਿਸ ਲਈ ਸ਼ਹਿਰ ਵਿੱਚ 9 ਥਾਵਾਂ ’ਤੇ 37 ਦੁਕਾਨਾਂ ਦੇ ਲਾਇਸੈਂਸ ਜਾਰੀ ਹੋਣਗੇ। ਇਸ ਲਈ ਲੋਕ ਦੁਕਾਨਾਂ ਦਾ ਡਰਾਅ ਕਢਵਾ ਕੇ ਆਪਣੀ ਦੁਕਾਨ ਮਹਿੰਗੇ ਭਾਅ ’ਤੇ ਵੇਚਣ ਦੀ ਤਿਆਰੀ ਵਿੱਚ ਹਨ। ਲੁਧਿਆਣਾ ਵਿੱਚ 37 ਦੁਕਾਨਾਂ ਲਈ 1100 ਫਾਈਲਾਂ ਆਈਆਂ ਹਨ। ਸੈਕਟਰ 39 ਵਿੱਚ 9 ਲਾਇਸੈਂਸ ਵਾਸਤੇ 400 ਫਾਈਲਾਂ ਆਈਆਂ ਹਨ, ਜਦਕਿ ਪਿਛਲੇ ਸਾਲਾਂ ਦੌਰਾਨ ਇਹ ਫਾਈਲਾਂ ਦੀ ਗਿਣਤੀ 250 ਦੇ ਕਰੀਬ ਹੁੰਦੀ ਸੀ।