ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਕਤੂਬਰ
ਦੀਵਾਲੀ ਤੋਂ ਪਹਿਲਾਂ ਹੋਲਸੇਲ ਵਿੱਚ ਪਟਾਕੇ ਵੇਚਣ ਲਈ ਪ੍ਰਸ਼ਾਸਨ ਵੱਲੋਂ ਜਲੰਧਰ ਬਾਈਪਾਸ ਕੋਲ ਸਥਿਤ ਦਾਣਾ ਮੰਡੀ ਵਿੱਚ ਅਲਾਟ ਕੀਤੀਆਂ ਗਈਆਂ ਦੁਕਾਨਾਂ ਨੂੰ ਬਣਾਉਣ ਵਿੱਚ ਇਸ ਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਲਾਇਸੈਂਸ ਪ੍ਰਾਪਤ ਕਰਨ ਵਾਲੇ ਦੁਕਾਨਦਾਰ ਆਪਣੀ ਮਰਜ਼ੀ ਨਾਲ ਦੁਕਾਨਾਂ ਲਗਾ ਰਹੇ ਹਨ, ਜਦੋਂ ਕਿ ਪ੍ਰਸ਼ਾਸਨ ਵੱਲੋਂ ਦੁਕਾਨ ਤਿਆਰ ਕਰਨ ਲਈ ਜਾਰੀ ਕੀਤੇ ਗਏ ਨਕਸ਼ੇ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ 13 ਦੁਕਾਨਾਂ ਲਈ ਲਾਇਸੈਂਸ ਜਾਰੀ ਕੀਤੇ ਹਨ, ਜਦਕਿ ਉਸੇ ਜਗ੍ਹਾਂ ’ਤੇ 26 ਦੁਕਾਨਾਂ ਬਣਾ ਲਈਆਂ ਗਈਆਂ ਹਨ। ਪਿਛਲੇ 40 ਸਾਲ ਤੋਂ ਪਟਾਕਿਆਂ ਦਾ ਵਪਾਰ ਕਰਦੇ ਆ ਰਹੇ ਪਟਾਕਾ ਕਾਰੋਬਾਰੀ ਤ੍ਰਿਭਵਨ ਥਾਪਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਸ ਵਾਰ ਪੁਰਾਣੇ ਕਾਰੋਬਾਰੀਆਂ ਨੂੰ ਅਣਦੇਖਿਆ ਕਰਦਿਆਂ ਦੁਕਾਨਾਂ ਅਲਾਟ ਕੀਤੇ ਹਨ।
ਉਨ੍ਹਾਂ ਕਿਹਾ ਕਿ ਲਾਇਸੈਂਸ ਪ੍ਰਾਪਤ ਕਰਨ ਵਾਲੇ ਦੁਕਾਨਦਾਰਾਂ ਨੂੰ ਦੁਕਾਨ ਬਣਾਉਣ ਦੇ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਰਜ਼ੀ ਦੁਕਾਨਾਂ ਦੇ ਮਾਲਕ ਲੋਕਾਂ ਦ ਜਾਨ ਖਤਰੇ ਵਿੱਚ ਪਾ ਰਹੇ ਹਨ, ਜਦਕਿ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਜੋ ਦੁਕਾਨਾਂ ਅਲਾਟ ਕਰਨ ਲਈ ਫਾਈਲ ਤਿਆਰ ਕੀਤੀ ਜਾਂਦੀ ਹੈ, ਉਸ ’ਤੇ ਕਰੀਬ 4 ਹਜ਼ਾਰ ਦਾ ਖਰਚਾ ਆਉਂਦਾ ਹੈ। ਇਸ ਮਗਰੋਂ ਜੇਕਰ ਦੁਕਾਨ ਮਿਲ ਜਾਵੇ ਤਾਂ 2 ਹਜ਼ਾਰ ਰੁਪਏ ਦੇ ਕਰੀਬ ਨਗਰ ਨਿਗਮ ਤੇ 26 ਹਜ਼ਾਰ ਰੁਪਏ ਦੇ ਕਰੀਬ ਮੰਡੀ ਬੋਰਡ ਦੀ ਫੀਸ ਦਿੱਤੀ ਜਾਂਦੀ ਹੈ। ਵਿਸਫੋਟਕ ਐਕਟ ਤਹਿਤ ਹੋਲਸੇਲ ਪਟਾਕਾ ਦੁਕਾਨ ਬਣਾਉਣ ਦਾ ਸਾਈਜ਼ 9 ਬਾਏ 27 ਹੋਣਾ ਚਾਹੀਦਾ ਪਰ ਐਤਕੀਂ ਲਾਇਸੈਂਸ ਪ੍ਰਾਪਤ ਕਰਨ ਵਾਲੇ ਦੁਕਾਨਦਾਰਾਂ ਲਈ ਦੁਕਾਨ ਦਾ ਸਾਈਜ਼ 18 ਬਾਏ 27 ਕਰ ਦਿੱਤਾ ਗਿਆ ਹੈ। ਦੁਕਾਨਦਾਰਾਂ ਨੇ ਪੈਸੇ ਕਮਾਉਣ ਦੀ ਹੋੜ ਵਿੱਚ ਆਪਣੀ ਅੱਧੀ ਦੁਕਾਨ 9 ਬਾਏ 27 ਦੀ ਥਾਂ ਲੱਖਾਂ ਰੁਪਏ ਬਲੈਕ ਵਿੱਚ ਅੱਗੇ ਵੇਚ ਕੇ 13 ਦੁਕਾਨਾਂ ਦੀ ਜਗ੍ਹਾਂ ’ਤੇ 26 ਦੁਕਾਨਾਂ ਬਣਾਈਆਂ ਗਈਆਂ ਹਨ, ਜਿਸ ਤੋਂ ਪ੍ਰਸ਼ਾਸਨ ਪੂਰੀ ਤਰ੍ਹਾਂ ਬੇਖਬਰ ਹੈ।
ਏਡੀਸੀਪੀ-1 ਰੁਪਿੰਦਰ ਕੌਰ ਸਰਾਂਓ ਨੇ ਦੱਸਿਆ ਕਿ ਦੁਕਾਨਾਂ ਅੱਜ ਹੀ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਨੂੰ ਦੁਕਾਨਾਂ ਅਲਾਟ ਹੋਈਆਂ ਹਨ, ਉਹ ਹੀ ਪਟਾਕੇ ਵੇਚ ਸਕਣਗੇ। ਪ੍ਰਸ਼ਾਸਨ ਵੱਲੋਂ 13 ਦੁਕਾਨਾਂ ਲਗਾਉਣ ਦੇ ਹੁਕਮ ਹਨ ਅਤੇ ਇਸੇ ਅਨੁਸਾਰ ਹੀ ਦੁਕਾਨਾਂ ਲੱਗਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਾਂ ਗਲਤ ਤਰੀਕੇ ਨਾਲ ਅੱਗੇ ਵੇਚਣ ਦੀ ਗੱਲ ਸੱਚ ਹੁੰਦੀ ਹੈ ਤਾਂ ਮਸਲਾ ਪ੍ਰਸ਼ਾਨਿਕ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਵਿਸਫੋਟਕ ਐਕਟ ਨੂੰ ਅੱਖੋਂ ਪਰੋਖੇ ਕੀਤਾ
ਵਿਸਫੋਟਕ ਐਕਟ ਮੁਤਾਬਕ ਇੱਕ ਤਾਂ ਦੁਕਾਨ ਦਾ ਜੋ ਸਾਈਜ਼ ਹੈ ਉਹ 9 ਬਾਰੇ 27 ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਬਕਾਇਦਾ ਦੁਕਾਨਾਂ ਲਈ ਪ੍ਰਸ਼ਾਸਨ ਵੱਲੋਂ ਨਕਸ਼ਾ ਤਿਆਰ ਕੀਤਾ ਜਾਂਦਾ ਹੈ। ਪੈਟਰੋਲ ਪੰਪ ਤੋਂ 200 ਮੀਟਰ ਦੂਰ ਦੁਕਾਨ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲ ਨਾਲ ਪਾਣੀ ਅਤੇ ਰੇਤ ਸੀਜ਼ ਫਾਇਰ ਸਿਲੰਡਰ ਨਾਲ ਨਾਲ ਅੱਗ ਬੁਝਾਉਣ ਦੇ ਸਾਰੇ ਯੰਤਰ ਹੋਣੇ ਚਾਹੀਦੇ ਹਨ, ਪਰ ਉੱਥੇ ਦੁਕਾਨਦਾਰਾਂ ਨੇ ਸਾਈਜ਼ ਵੀ ਵਧਾ ਦਿੱਤਾ ਅਤੇ ਦੁਕਾਨਦਾਰਾਂ ਨੇ ਪੰਜ ਦੁਕਾਨਾਂ ਅੱਗੇ ਬਣਾ ਦਿੱਤੀਆਂ ਹਨ ਤੇ ਪੈਟਰੋਲ ਪੰਪ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਦੁਕਾਨ ਬਣਾ ਦਿੱਤੀ। ਦੁਕਾਨਦਾਰਾਂ ਨੇ ਪੰਜ ਦੁਕਾਨਾਂ ਅੱਗੇ ਬਣਾ ਕੇ ਬਾਕੀ ਦੀਆਂ 8 ਦੁਕਾਨਾਂ ਪਿੱਛੇ ਬਣਾ ਦਿੱਤੀਆਂ ਹਨ, ਜੋ ਬਿਨਾਂ ਕਿਸੇ ਨਕਸ਼ੇ ਦੇ ਤਿਆਰ ਕੀਤੀਆਂ ਗਈਆਂ ਹਨ।
ਲਾਇਸੈਂਸ ਤੋਂ ਬਗੈਰ ਪਟਾਕੇ ਵੇਚਣ ਵਾਲਾ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਵੀਜਨ ਨੰਬਰ ਇੱਕ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਬਿਨਾਂ ਲਾਇਸੈਂਸ ਤੋਂ ਗੈਰਕਾਨੂੰਨੀ ਤੌਰ ’ਤੇ ਪਟਾਕੇ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਦੇਸ ਰਾਜ ਨੇ ਦੱਸਿਆ ਕਿ ਪੁਲੀਸ ਟੀਮ ਨੇ ਸੂਹ ਦੇ ਆਧਾਰ ’ਤੇ ਵਿਜੈ ਕੁਮਾਰ ਵਾਸੀ ਛਾਉਣੀ ਮੁਹੱਲਾ ਨੂੰ ਕਿਤਾਬ ਬਾਜ਼ਾਰ ਸਥਿਤ ਸਰਦਾਰ ਪੈੱਨ ਹਾਊਸ ਖੰਭੇ ਦੇ ਨਾਲ ਸੜਕ ’ਤੇ ਪਟਾਕਿਆਂ ਦੇ ਭਰੇ ਖੁੱਲ੍ਹੇ ਡੱਬੇ ਵੇਚਦਿਆਂ ਕਾਬੂ ਕੀਤਾ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪਟਾਕੇ ਜ਼ਬਤ ਕਰ ਲਏ ਹਨ। -ਨਿੱਜੀ ਪੱਤਰ ਪ੍ਰੇਰਕ