ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੂਨ
ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ ਅਤੇ ਸੂਬਾ ਮੀਤ ਪ੍ਰਧਾਨ ਜਗਜੀਤ ਸਿੰਘ ਲੁਧਿਆਣਾ ਦੀ ਸਾਂਝੀ ਅਗਵਾਈ ਵਿੱਚ ਹੋਈ ਜਿਸ ਵਿੱਚ 6ਵੇਂ ਤਨਖਾਹ ਕਮਿਸ਼ਨ ਦੀਆਂ ਰਿਪੋਰਟ ’ਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਨੇ ਹਮੇਸ਼ਾ ਪੰਜਾਬ ਦੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਅਤੇ 2016 ਤੋਂ ਪੰਜ ਸਾਲ ਬੀਤ ਜਾਣ ਤੇ 6ਵੇ ਪੇ ਕਮਿਸ਼ਨ ਦੀ ਰਿਪੋਰਟ ਜੋ ਕੈਬਨਿਟ ਵਿੱਚ ਪੇਸ਼ ਕੀਤੀ, ਵਿੱਚ ਵੀ ਮੁਲਾਜ਼ਮਾਂ ਦੇ ਭੱਤੇ ਟੇਡੇ ਮੇਡੇ ਢੰਗ ਨਾਲ ਘਟਾ ਕੇ ਮੁਲਾਜ਼ਮਾਂ ਨੂੰ ਕੁਝ ਦੇਣ ਦੀ ਬਜਾਏ ਖੋਹਣ ਦੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਮਾਸਟਰ ਕਾਡਰ ਯੂਨੀਅਨ ਪੰਜਾਬ ਛੇਵਾਂ ਪੇਅ ਕਮਿਸ਼ਨ ਦੀ ਕੈਬਨਿਟ ਵਿੱਚ ਪੇਸ਼ ਕੀਤੀ ਰੀਪੋਰਟ ਨੂੰ ਸਿਰੇ ਤੋਂ ਨਕਾਰਦੀ ਹੈ ਅਤੇ ਇਸ ਸਬੰਧੀ ਸੂਬਾ ਪੱਧਰੀ ਮੀਟਿੰਗ 22 ਜੂਨ ਨੂੰ ਜਲੰਧਰ ਵਿੱਚ ਕਰੇਗੀ ਅਤੇ ਪੇਅ ਕਮਿਸ਼ਨ ਦੀ ਰਿਪੋਰਟ ਖ਼ਿਲਾਫ਼ ਤਿੱਖੇ ਸੰਘਰਸ਼ਾਂ ਦਾ ਐਲਾਨ ਕਰੇਗੀ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਹਾਜ਼ਰ ਲੈਕਚਰਾਰ ਯੂਨੀਅਨ ਦੇ ਆਗੂ ਗੁਰਿੰਦਰਜੀਤ ਸਿੰਘ ਨੇ ਵੀ ਭਰੋਸਾ ਦਿੱਤਾ ਕਿ ਇਸ ਸੰਘਰਸ਼ ਵਿੱਚ ਲੈਕਚਰਾਰ ਯੂਨੀਅਨ ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਨਾਲ ਰਲ ਕੇ ਸੰਘਰਸ਼ ਕਰੇਗੀ।