ਪੱਤਰ ਪ੍ਰੇਰਕ
ਜਗਰਾਉਂ, 14 ਅਕਤੂਬਰ
ਥਾਣਾ ਮਹਿਲਾ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੇ ਇੱਕ ਲੜਕੇ ਖ਼ਿਲਾਫ਼ ਪਹਿਲੀ ਪਤਨੀ ਤੋਂ ਤਲਾਕ ਲਏ ਬਿਨਾ ਦੂਸਰਾ ਵਿਆਹ ਕਰਵਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਬੇਅੰਤ ਕੌਰ ਪੁੱਤਰੀ ਜਗਰੂਪ ਸਿੰਘ ਵਾਸੀ ਪਿੰਡ ਸ਼ੇਖੂਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਤੀ ਜਤਿੰਦਰ ਸਿੰਘ ਵਾਸੀ ਪਿੰਡ ਜਾਂਗਪੁਰ ਨੇ ਉਸ ਨੂੰ ਭਰੋਸੇ ਵਿਚ ਲਏ ਬਿਨਾ ਅਤੇ ਦੱਸੇ ਬਿਨਾ ਦੂਸਰਾ ਵਿਆਹ ਕਰਵਾ ਲਿਆ ਹੈ। ਮਹਿਲਾ ਪੁਲੀਸ ਅਧਿਕਾਰੀ ਵੱਲੋਂ ਕੀਤੀ ਗਈ ਪੜਤਾਲ ਵਿਚ ਸ਼ਿਕਾਇਤ ’ਚ ਲਗਾਏ ਗਏ ਦੋਸ਼ ਸਾਬਿਤ ਹੋਣ ’ਤੇ ਐੱਸਐੱਸਪੀ ਨੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੜਤਾਲੀਆ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਦਾ ਦਾਜ ਖੁਰਦ-ਬੁਰਦ ਕਰਨ ਅਤੇ ਇਸਤਰੀ ਧਨ ’ਤੇ ਕਬਜ਼ਾ ਕਰਨਾ ਵੀ ਪਾਇਆ ਗਿਆ ਹੈ। ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇੱਥੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਐਸ.ਪੀ. ਪੱਧਰ ਦੇ ਅਧਿਕਾਰੀਆਂ ਕੋਲ ਆਇਆ ਹੈ। ਨੇੜਲੇ ਪਿੰਡ ਮਲਕ ਦੇ ਗਰੀਸ ਰਹਿੰਦੇ ਇਕ ਲੜਕੇ ਨਾਲ ਰਾਜਪੁਰੇ ਕੋਲ ਦੇ ਪਿੰਡ ਦੀ ਇਕ ਮਹਿਲਾ ਨੇ ਪਹਿਲੇ ਪਤੀ ਤੋਂ ਤਲਾਕ ਲਏ ਬਿਨਾ ਦੂਜਾ ਵਿਆਹ ਕਰਵਾ ਲਿਆ। ਇਸ ਮਹਿਲਾ ਕੋਲ ਦਸ ਸਾਲਾਂ ਦਾ ਇਕ ਲੜਕਾ ਵੀ ਹੈ। ਪੀੜਤ ਲੜਕੇ ਦੀ ਮਾਤਾ ਨੇ ਦੱਸਿਆ ਕਿ ਉਕਤ ਮਹਿਲਾ ਉਨ੍ਹਾਂ ਕੋਲੋਂ ਕਾਫੀ ਕੁੱਝ ਠੱਗ ਕੇ ਲੈ ਗਈ ਹੈ।