ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਅਪਰੈਲ
ਥਾਣਾ ਮਾਡਲ ਟਾਊਨ ਦੀ ਪੁਲੀਸ ਵੱਲੋਂ ਚਾਰ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਵਾਰਡ ਨੰਬਰ 47 ਦੀ ਕੌਂਸਲਰ ਦੇ ਦਫ਼ਤਰ ਵਿੱਚ ਗੰਦਗੀ ਤੇ ਸੀਵਰੇਜ ਦਾ ਗੰਦਾ ਪਾਣੀ ਸੁੱਟਿਆ ਗਿਆ ਸੀ। ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਕੌਂਸਲਰ ਪ੍ਰਿਆ ਕੈੜਾ ਦੇ ਪਤੀ ਦੀਪ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਨਜੀਤ ਨਗਰ ਵਾਸੀ ਧਰਮਿੰਦਰ ਸਿੰਘ ਉਰਫ਼ ਨੀਟਾ, ਰਮਨਦੀਪ ਸਿੰਘ ਉਰਫ਼ ਸੋਨੂੰ ਅਤੇ ਭੋਲੂ ਤੋਂ ਇਲਾਵਾ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੀਪ ਸਿੰਘ ਨੇ ਸ਼ਿਕਾਇਤ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਹ ਦਫ਼ਤਰ ਵਿੱਚ ਬੈਠਾ ਸੀ ਤਾਂ ਚਾਰ ਜਣਿਆਂ ਨੇ ਬਾਲਟੀਆਂ ਵਿੱਚ ਲਿਆਂਦਾ ਸੀਵਰੇਜ ਦਾ ਗੰਦਾ ਪਾਣੀ ਅਤੇ ਹੋਰ ਗੰਦਗੀ ਉਸ ਦੇ ਟੇਬਲ ਉੱਪਰ ਅਤੇ ਕੌਂਸਲਰ ਦੀ ਕੁਰਸੀ ਉੱਪਰ ਸੁੱਟ ਦਿੱਤੀ। ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੌਂਸਲਰ ਨਾਲ ਵਿਕਾਸ ਕਾਰਜਾਂ ਨੂੰ ਲੈ ਕੇ ਟਕਰਾਅ ਚੱਲ ਰਿਹਾ ਸੀ।