ਪੱਤਰ ਪ੍ਰੇਰਕ
ਜਗਰਾਉਂ, 7 ਅਕਤੂਬਰ
ਪੁਲੀਸ ਥਾਣਾ ਹਠੂਰ ਵੱਲੋਂ 12 ਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਨਾਲ ਪੜ੍ਹਦੇ ਲੜਕੇ ’ਤੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿੰਡ ਲੱਖਾ ਨਾਲ ਸਬੰਧਤ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਉਸ ਦੀ ਲੜਕੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ। ਬੀਤੀ 30 ਸਤੰਬਰ ਨੂੰ ਲੜਕੀ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਸ ਦੇ ਪੇਟ ਵਿੱਚ ਦਰਦ ਹੁੰਦਾ ਹੈ । ਪਰਿਵਾਰ ਨੇ ਲੜਕੀ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਖਾਇਆ। ਹਸਪਤਾਲ ਵਾਲਿਆਂ ਨੇ ਲੜਕੀ ਦਾ ਸਕੈਨ ਅਤੇ ਹੋਰ ਟੈਸਟ ਕੀਤੇ ਤਾਂ ਸਾਹਮਣੇ ਆਇਆ ਕਿ ਲੜਕੀ 18 ਹਫ਼ਤੇ ਦੀ ਗਰਭਵਤੀ ਹੈ । ਪੁੱਛਣ ’ਤੇ ਲੜਕੀ ਨੇ ਦੱਸਿਆ ਕਿ ਉਸ ਨਾਲ ਇੱਕ ਪਿੰਡ ਦਾ ਹੀ ਲੜਕਾ ਪੜ੍ਹਦਾ ਹੈ ਜਿਸ ਨਾਲ ਉਸ ਦੀ ਕਰੀਬ ਤਿੰਨ-ਚਾਰ ਸਾਲਾਂ ਤੋਂ ਦੋਸਤੀ ਹੈ।
ਕਰੀਬ ਚਾਰ ਮਹੀਨੇ ਪਹਿਲਾਂ ਇੱਕ ਦਿਨ ਦੇਰ ਰਾਤ ਨੂੰ ਜਦੋਂ ਉਹ ਆਪਣੇ ਕਮਰੇ ਵਿੱਚ ਇਕੱਲੀ ਪਈ ਸੀ ਤੇ ਸਾਰਾ ਪਰਿਵਾਰ ਸੌਂ ਰਿਹਾ ਸੀ ਤਾਂ ਉਹ ਲੜਕਾ ਉਸ ਦੇ ਘਰ ਆਇਆ ਤੇ ਜਬਰੀ ਸਰੀਰਕ ਸਬੰਧ ਬਣਾਏ। ਫਿਰ ਉਸ ਨੇ ਲੜਕੀ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਮਾਮਲੇ ਦੀ ਤਫਤੀਸ਼ ਕਰਕੇ ਮੁਲਜ਼ਮ ਲੜਕੇ ਖ਼ਿਲਾਫ ਕੇਸ ਦਰਜ ਕਰਨ ਉਪਰੰਤ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਯਤਨ ਤੇਜ਼ ਕਰ ਦਿੱਤੇ ਹਨ।