ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 12 ਜਨਵਰੀ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ 7 ਰਿਸ਼ਤੇਦਾਰਾਂ ਨੂੰ ਭਰਤੀ ਕਰਾਉਣ ਦੀ ਆੜ ਵਿਚ ਕਰੀਬ 18 ਲੱਖ ਦੀ ਠੱਗੀ ਮਾਰਨ ਵਾਲੇ ਬਠਿੰਡਾ ਵਾਸੀ ਹਰਿੰਦਰ ਸ਼ਰਮਾ ਅਤੇ ਉਸ ਦੀ ਪਤਨੀ ਜਸਦੀਪ ਕੁਮਾਰੀ ਵਿਰੁੱਧ ਥਾਣਾ ਸੁਧਾਰ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ। ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਵੜੈਚ ਵਾਸੀ ਜਵਾਹਰ ਲਾਲ ਵੱਲੋਂ ਨਵੰਬਰ 2021 ਵਿਚ ਲੁਧਿਆਣਾ (ਦਿਹਾਤੀ) ਦੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਐੱਸਪੀ ਜਾਂਚ ਬਿਊਰੋ ਵੱਲੋਂ ਮੁੱਢਲੀ ਜਾਂਚ ਮਗਰੋਂ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਥਾਣੇਦਾਰ ਰਾਜਦੀਪ ਸਿੰਘ ਨੇ ਦੱਸਿਆ ਕਿ ਪਿੰਡ ਵੜੈਚ ਵਾਸੀ ਜਵਾਹਰ ਲਾਲ ਅਨੁਸਾਰ ਮੁਲਜ਼ਮ ਹਰਿੰਦਰ ਸ਼ਰਮਾ ਅਤੇ ਉਸ ਦੀ ਪਤਨੀ ਜਸਦੀਪ ਕੁਮਾਰੀ ਨੇ ਜਵਾਹਰ ਲਾਲ ਦੇ ਪੁੱਤਰ ਮੁਨੀਸ਼ ਕੁਮਾਰ, ਨੂੰਹ ਚੰਚਲ ਜੋਤੀ, ਨੂੰਹ ਦੀ ਭੈਣ ਪ੍ਰਿਯੰਕਾ ਸ਼ਰਮਾ ਅਤੇ ਭਰਾ ਦੇ ਪੁੱਤਰ ਪਵਨ ਕੁਮਾਰ, ਜਵਾਹਰ ਲਾਲ ਦੇ ਜਵਾਈ ਸੁਖਵਿੰਦਰ ਸ਼ਰਮਾ ਤੋਂ ਇਲਾਵਾ ਦੋ ਹੋਰ ਰਿਸ਼ਤੇਦਾਰਾਂ ਗਗਨਦੀਪ ਅਤੇ ਅਨਿਲ ਕੁਮਾਰ ਨੂੰ ਬਿਜਲੀ ਬੋਰਡ ਵਿਚ ਭਰਤੀ ਕਰਾਉਣ ਲਈ ਪ੍ਰਤੀ ਵਿਅਕਤੀ 6 ਲੱਖ ਰੁਪਏ ਦੇ ਹਿਸਾਬ ਨਾਲ 42 ਲੱਖ ਰੁਪਏ ਲਏ ਸਨ। ਜਦੋਂ ਉਹ ਸਾਰਿਆਂ ਨੂੰ ਭਰਤੀ ਕਰਾਉਣ ਵਿਚ ਸਫਲ ਨਾ ਹੋਏ ਤਾਂ ਮੁਲਜ਼ਮਾਂ ਨੇ 24 ਲੱਖ 50 ਹਜ਼ਾਰ ਰੁਪਏ ਤਾਂ ਵਾਪਸ ਕਰ ਦਿੱਤੇ। ਮੁੱਢਲੀ ਜਾਂਚ ਵਿਚ ਐੱਸਪੀ ਜਾਂਚ ਬਿਊਰੋ ਵੱਲੋਂ 17 ਲੱਖ 50 ਹਜ਼ਾਰ ਰੁਪਏ ਦੀ ਕਥਿਤ ਠੱਗੀ ਦੀ ਪੁਸ਼ਟੀ ਬਾਅਦ ਇਹ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਥਾਣੇਦਾਰ ਰਾਜਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।