ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਕਤੂਬਰ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਰਾਕੇਸ਼ ਪਾਂਡੇ ਦੇ ਹਲਕੇ ਵਿੱਚ ਸੜਕ ਧਸਣ ਦੇ ਮਾਮਲੇ ਵਿੱਚ ਅੱਜ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੌਕੇ ਦਾ ਦੌਰਾ ਕੀਤਾ ਤੇ ਇਸ ਗੱਲ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਵੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਮੌਕੇ ਤੋਂ ਹੀ ਖੜ੍ਹੇ ਹੋ ਕੇ ਉਨ੍ਹਾਂ ਨੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਫੋਨ ਕੀਤਾ ਤੇ ਮੰਗ ਕੀਤੀ ਕਿ ਇਸ ਸੜਕ ਧਸਣ ਦੀ ਉਹ ਜ਼ਿੰਮੇਵਾਰੀ ਲੈਂਦੇ ਹਨ ਤੇ ਉਨ੍ਹਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰ ਦਿੱਤੀ ਜਾਵੇ।
ਦੱਸ ਦਈਏ ਕਿ ਲੁਧਿਆਣਾ ਵਿੱਚ ਪਿਛਲੇ ਦਿਨੀਂ ਦੀਪ ਨਗਰ ਇਲਾਕੇ ਵਿੱਚ ਸਕੂਲ ਬੱਸ ਲੰਘਣ ਤੋਂ ਬਾਅਦ ਇੱਕ ਸੜਕ ’ਤੇ ਵੱਡਾ ਟੋਇਆ ਪੈ ਗਿਆ ਸੀ, ਜਿਸ ਵਿੱਚ ਡਿੱਗਣ ਕਾਰਨ ਐਕਟਿਵਾ ਸਵਾਰ ਭੈਣ ਭਰਾ ਜ਼ਖ਼ਮੀ ਹੋ ਗਏ ਸਨ। ਇਸ ਤੋਂ ਇਲਾਵਾ ਹੈਬੋਵਾਲ ਇਲਾਕੇ ਵਿੱਚ ਪਿਛਲੇ ਐਤਵਾਰ ਨੂੰ ਮੀਂਹ ਪੈਣ ਤੋਂ ਬਾਅਦ ਸੜਕ ਧਸ ਗਈ ਸੀ ਤੇ ਉਥੇ ਵੀ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਸਨ। ਇਸ ਮਾਮਲੇ ਵਿੱਚ ਹਾਲੇ ਤੱਕ ਨਗਰ ਨਿਗਮ ਦੇ ਕਿਸੇ ਵੀ ਅਫ਼ਸਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਅੱਜ ਕਈ ਮਹੀਨਿਆਂ ਬਾਅਦ ਲੁਧਿਆਣਾ ਪੁੱਜੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਚਾਨਕ ਹੀ ਦੋਵੇਂ ਥਾਵਾਂ ’ਤੇ ਪੁੱਜੇ ਤੇ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨਾਲ ਫੋਨ ’ਤੇ ਗੱਲ ਕੀਤੀ। ਜਦੋਂ ਇਸ ਮਾਮਲੇ ਵਿੱਚ ਸਹੀ ਜਵਾਬ ਨਹੀਂ ਮਿਲਿਆ ਤਾਂ ਮੌਕੇ ’ਤੇ ਹੀ ਪੱਤਰਕਾਰਾਂ ਸਾਹਮਣੇ ਸਪੀਕਰ ਆਨ ਕਰਕੇ ਰਵਨੀਤ ਸਿੰਘ ਬਿੱਟੂ ਨੇ ਪੁਲੀਸ ਕਮਿਸ਼ਨਰ ਨੂੰ ਫੋਨ ਕੀਤਾ ਤੇ ਮੰਗ ਕੀਤੀ ਕਿ ਇਸ ਸੜਕ ਧਸਣ ਦੇ ਮਾਮਲੇ ਵਿੱਚ ਉਨ੍ਹਾਂ ਦੇ ਖ਼ਿਲਾਫ਼ ਐੱਫਆਈਆਰ ਕਰ ਦਿੱਤੀ ਜਾਵੇ।
ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਜ਼ੋੋਨਲ ਕਮਿਸ਼ਨਰ ਨੀਰਜ ਜੈਨ ਦਾ ਨਾਂ ਲੈ ਦਿੱਤਾ। ਜਦੋਂ ਨੀਰਜ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਸੇ ਆਈਏਐੱਸ ਅਫ਼ਸਰ ਦਾ ਨਾਂ ਲੈ ਦਿੱਤਾ, ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਓਐਂਡਐੱਮ ਸੈੱਲ ਦੇ ਐੱਸਈ ਦਾ ਨਾਂ ਲੈ ਦਿੱਤਾ, ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਐੱਸਡੀਓ ਨੂੰ ਜ਼ਿੰਮੇਵਾਰ ਦੱਸਿਆ ਅਤੇ ਐੱਸਡੀਓ ਨੇ ਇਸ ਦੇ ਲਈ ਠੇਕੇਦਾਰ ਸੁਰੇਸ਼ ਕੁਮਾਰ ਨੂੰ ਜਿੰਮੇਵਾਰ ਠਹਿਰਾ ਦਿੱਤਾ। ਬਿੱਟੂ ਨੇ ਕਿਹਾ, ‘ਕੋਈ ਵੀ ਅਫ਼ਸਰ ਇਸ ਵੱਡੀ ਲਾਪ੍ਰਵਾਹੀ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ, ਇਸ ਮਾਮਲੇ ਦੀ ਜਾਂਚ ਵੀ ਸਹੀ ਨਹੀਂ ਹੋ ਰਹੀ। ਇਸ ਕਰਕੇ ਉਨ੍ਹਾਂ ਨੇ ਪੁਲੀਸ ਕਮਿਸ਼ਨਰ ਨੂੰ ਫੋਨ ਕੀਤਾ ਹੈ ਕਿ ਇਸ ਮਾਮਲੇ ’ਚ ਬਿੱਟੂ ਆਪਣੀ ਜ਼ਿੰਮੇਵਾਰੀ ਲੈਂਦੇ ਹਨ ਤੇ ਉਨ੍ਹਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।’