ਗਗਨਦੀਪ ਅਰੋੜਾ
ਲੁਧਿਆਣਾ, 24 ਮਈ
ਕੋਵਿਡ ਦੇ ਇਲਾਜ ਦੌਰਾਨ ਮਰੀਜ਼ਾਂ ਦੀ ਆਰਥਿਕ ਲੁੱਟ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਅੱਜ ਖੰਨਾ ਦੇ ਜੈਨ ਮਲਟੀਸਪੈਸ਼ਲਿਟੀ ਹਸਪਤਾਲ ਖ਼ਿਲਾਫ਼ ਇੱਕ ਮਰੀਜ਼ ਤੋਂ ਸਰਕਾਰ ਵੱਲੋਂ ਨਿਰਧਾਰਤ ਦਰਾਂ ਨਾਲੋਂ 106 ਫੀਸਦ ਵੱਧ ਵਸੂਲੀ ਕਰਨ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਹਸਪਤਾਲ ਵੱਲੋਂ ਮਰੀਜ਼ ਨੂੰ ਕੁਲ 8 ਲੱਖ 45 ਹਜ਼ਾਰ ਰੁਪਏ ਦਾ ਬਿੱਲ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹਰਿਆਣਾ ਸੂਬੇ ਦੇ ਯਮੁਨਾਨਗਰ ਨਿਵਾਸੀ ਸਾਗਰ ਵਰਮਾ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 269, 270, 188 ਆਪਦਾ ਪ੍ਰਬੰਧਨ ਐਕਟ 2005 ਦੀ 51 (ਬੀ) ਅਤੇ 58 ਅਤੇ ਮਹਾਮਾਰੀ ਰੋਗ ਐਕਟ 1897 ਦੀ 3 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਹਸਪਤਾਲ ਖ਼ਿਲਾਫ਼ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਿਤਾ ਦੇ ਕੋਵਿਡ ਇਲਾਜ ਲਈ ਹਸਪਤਾਲ ਵੱਲੋਂ ਵਾਧੂ ਵਸੂਲੀ ਕੀਤੀ ਗਈ। ਸ਼ਿਕਾਇਤਕਰਤਾ ਦੇ ਪਿਤਾ ਦੀ ਬਾਅਦ ਵਿੱਚ ਦੂਸਰੇ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਡਿਪਟੀ ਕਮਿਸ਼ਨਰ ਨੇ ਹਸਪਤਾਲ ਖ਼ਿਲਾਫ਼ ਜਾਂਚ ਦੇ ਹੁਕਮ ਦਿੰਦਿਆਂ ਏਡੀਸੀ ਸੰਦੀਪ ਕੁਮਾਰ, ਡਿਪਟੀ ਡਾਇਰੈਕਟਰ ਡਾ. ਹਤਿੰਦਰ ਕੌਰ ਤੇ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਦੀ ਅਗਵਾਈ ਵਾਲੀ ਕਮੇਟੀ ਨੂੰ 48 ਘੰਟਿਆਂ ਵਿੱਚ ਜਾਂਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਸਨ। ਜਾਂਚ ਵਿਚ ਦੱਸਿਆ ਗਿਆ ਕਿ ਕੋਵਿਡ ਦੇ ਇਲਾਜ ਲਈ ਸਰਕਾਰ ਦੀਆਂ ਤੈਅ ਦਰਾਂ ਅਨੁਸਾਰ ਵਰਮਾ ਦੇ ਪਿਤਾ ਦਾ ਅਸਲ ਬਿੱਲ ਸਿਰਫ਼ 2 ਲੱਖ 35 ਹਜ਼ਾਰ 450 ਰੁਪਏ ਬਣਦਾ ਸੀ ਤੇ ਹਸਪਤਾਲ ਵੱਲੋਂ ਸ਼ਿਕਾਇਤਕਰਤਾ ਨੂੰ 8 ਲੱਖ 45 ਹਜ਼ਾਰ 62 ਰੁਪਏ ਅਦਾ ਕਰਨ ਲਈ ਕਿਹਾ ਗਿਆ। ਬਾਅਦ ਵਿਚ ਜਾਂਚ ਦੌਰਾਨ ਹਸਪਤਾਲ ਨੇ ਇਸ ਨੂੰ ਕਲੈਰੀਕਲ ਗਲਤੀ ਮੰਨਦਿਆਂ ਬਿੱਲ 4 ਲੱਖ 86 ਹਜ਼ਾਰ 10 ਰੁਪਏ ਦਿੱਤਾ, ਜੋ ਸਰਕਾਰੀ ਨਿਰਦੇਸ਼ਾਂ ਦੇ ਮੁਕਾਬਲੇ 106 ਫੀਸਦ ਤੋਂ ਵੱਧ ਸੀ। ਪੜਤਾਲੀਆ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਸਪੱਸ਼ਟ ਲਿਖਿਆ ਹੈ ਕਿ ਸਾਗਰ ਵਰਮਾ ਵੱਲੋਂ ਜੈਨ ਹਸਪਤਾਲ ਖ਼ਿਲਾਫ਼ ਦਿੱਤੀ ਸ਼ਿਕਾਇਤ ਸਹੀ ਸਾਬਤ ਹੋਈ ਹੈ ਅਤੇ ਇਸ ਹਸਪਤਾਲ ਵੱਲੋਂ ਕੋਵਿਡ ਮਰੀਜ਼ਾਂ ਦੇ ਖਰਚਿਆਂ ਬਾਰੇ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਗਈ ਹੈ। ਡੀਸੀ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਸਪਤਾਲਾਂ ਦੇ ਕੰਮਕਾਜ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਅਤੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸਿਹਤ ਵਿਭਾਗ ਅਤੇ ਉਸ ਦੇ ਦਫ਼ਤਰ ਵਿੱਚ 104 ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ।