ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਨਵੰਬਰ
ਫ਼ਿਰੋਜ਼ਪੁਰ ਵਿੱਚ ਬੀਤੇ ਕੱਲ੍ਹ ਦੀ ਘਟਨਾ ਦੇ ਰੋਸ ਵਜੋਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਅੱਜ ਲੁਧਿਆਣਾ-ਮੋਗਾ ਮੁੱਖ ਮਾਰਗ ’ਤੇ ਚੌਕੀਮਾਨ ਵਿੱਚ ਰੋਸ ਮੁਜ਼ਾਹਰਾ ਕੀਤਾ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਵੀ ਭਾਜਪਾ ਵਾਲੇ ਰਾਹ ਤੁਰ ਪਿਆ ਹੈ, ਜੋ ਕੁਝ ਯੂਪੀ ਦੇ ਲਖੀਮਪੁਰ ਖੀਰੀ ’ਚ ਭਾਜਪਾ ਨੇ ਕਿਸਾਨਾਂ ਨਾਲ ਕੀਤਾ, ਓਹੋ ਕੁਝ ਅਕਾਲੀ ਪੰਜਾਬ ’ਚ ਦੁਹਰਾਉਣਾ ਚਾਹੁੰਦੇ ਹਨ। ਮਾਸਟਰ ਆਤਮਾ ਸਿੰਘ ਬੋਪਾਰਾਏ, ਜਸਦੇਵ ਸਿੰਘ ਲਲਤੋਂ, ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਗੁਰਵਿੰਦਰ ਸਿੰਘ ਸੇਖੋਂ, ਅਵਤਾਰ ਸਿੰਘ ਰਸੂਲਪੁਰ, ਰਣਜੀਤ ਸਿੰਘ ਗੁੜੇ ਆਦਿ ਨੇ ਕਿਹਾ ਕਿ ਅਕਾਲੀਆਂ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਪਹਿਲਾਂ ਹੀ ਖਿਸਕੀ ਹੋਈ ਹੈ, ਉਪਰੋਂ ਅਜਿਹੇ ਕਾਰੇ ਇਨ੍ਹਾਂ ਲਈ ਘਾਤਕ ਸਾਬਤ ਹੋਣਗੇ। ਜੋ ਹਾਲ ਭਵਿੱਖ ’ਚ ਭਾਜਪਾ ਦਾ ਹੋਣ ਜਾ ਰਿਹਾ ਹੈ, ਅਕਾਲੀਆਂ ਦਾ ਵੀ ਉਹੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ, ਸਾਰੀਆਂ ਫ਼ਸਲਾਂ ’ਤੇ ਘੱਟੋ-ਘੱਟ ਸਮੱਰਥਨ ਮੁੱਲ ’ਤੇ ਸਰਕਾਰੀ ਖਰੀਦ ਦੀ ਗਾਰੰਟੀ ਦੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਗੇ ਤੋਰਨ ਲਈ 26 ਨਵੰਬਰ ਤੋਂ ਪਹਿਲਾਂ-ਪਹਿਲਾਂ ਦਿੱਲੀ ਮੋਰਚਿਆਂ ’ਚ ਸ਼ਾਮਲ ਹੋਣ ਲਈ ਟਰੈਕਟਰ ਮਾਰਚ ਕਰਦਿਆਂ ਵੱਡੇ ਕਾਫਲੇ ਇਲਾਕੇ ’ਚੋਂ ਰਵਾਨਾ ਹੋਣਗੇ। ਦਿੱਲੀ ਮੋਰਚਿਆਂ ’ਚ ਰਿਕਾਰਡ ਤੋੜ ਇਕੱਠ ਲਈ ਹੁਣ ਤੋਂ ਹੀ ਪਿੰਡਾਂ ’ਚ ਸਰਗਰਮੀ ਤੇਜ਼ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 29 ਨਵੰਬਰ ਤੋਂ ਪਾਰਲੀਮੈਂਟ ਵੱਲ ਰੋਜ਼ਾਨਾ ਪੰਜ ਸੌ ਮੈਂਬਰੀ ਟਰੈਕਟਰ ਮਾਰਚ ’ਚ ਵੀ ਲੱਗੀਆਂ ਡਿਊਟੀਆਂ ਮੁਤਾਬਕ ਸ਼ਮੂਲੀਅਤ ਕੀਤੀ ਜਾਵੇਗੀ। ਕਿਸਾਨਾਂ ਨੇ ਪੰਜਾਬ ’ਚ ਹਰ ਹਾਲਤ ਝੋਨੇ ਦੀ ਸਰਕਾਰੀ ਖਰੀਦ 25 ਨਵੰਬਰ ਤੱਕ ਜਾਰੀ ਰੱਖਣ ਅਤੇ ਸਾਰੀਆਂ ਸਹਿਕਾਰੀ ਸਭਾਵਾਂ ’ਚ ਲੋੜ ਅਨੁਸਾਰ ਡੀਏਪੀ ਸਮੇਤ ਸਾਰੀਆਂ ਲੋੜੀਂਦੀਆਂ ਖਾਦਾਂ ਦਾ ਕੋਟਾ ਬਿਨਾਂ ਦੇਰੀ ਭੇਜਣ ਦੀ ਮੰਗ ਕੀਤੀ।
ਅਕਾਲੀ ਆਗੂਆਂ ਦਾ ਪੁਤਲਾ ਫੂਕਿਆ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਧਰਨੇ ਮੌਕੇ ਅੰਦੋਲਨਕਾਰੀਆਂ ਨੇ ਬੀਤੇ ਦਿਨ ਫ਼ਿਰੋਜ਼ਪੁਰ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਸਵਾਲ ਕਰਨ ਗਏ ਕਿਸਾਨਾਂ ਉੱਪਰ ਸਥਾਨਕ ਅਕਾਲੀ ਆਗੂਆਂ ਵੱਲੋਂ ਗੱਡੀ ਚੜ੍ਹਾਉਣ ਅਤੇ ਫਾਇਰਿੰਗ ਕਰਨ ਵਾਲਿਆਂ ਖ਼ਿਲਾਫ਼ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਲਈ ਰੋਸ ਵਜੋਂ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਕੁਝ ਧਿਰਾਂ ਸ਼ਾਂਤੀ ਪੂਰਵਕ ਕਿਸਾਨੀ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਜਾਣਬੁੱਝ ਕੇ ਕਿਸਾਨਾਂ ਨਾਲ ਟਕਰਾ ਪੈਦਾ ਕਰ ਰਹੀਆਂ ਹਨ। ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਰਾਜਿੰਦਰ ਕੌਰ, ਸੁਖਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋਂ, ਅਮਰੀਕ ਸਿੰਘ ਜੜਤੌਲੀ ਨੇ ਦੋਸ਼ ਲਾਇਆ ਕਿ ਫ਼ਿਰੋਜ਼ਪੁਰ ਵਿੱਚ ਵੋਟਾਂ ਮੰਗਣ ਪਹੁੰਚੀ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕਰਨ ਗਏ ਕਿਸਾਨਾਂ ਉੱਪਰ ਗੱਡੀ ਚੜ੍ਹਾਉਣ ਅਤੇ ਉਨ੍ਹਾਂ ਉੱਪਰ ਗੋਲੀਆਂ ਚਲਾਉਣ ਨਾਲ ਅਕਾਲੀ ਦਲ ਅਤੇ ਉਸ ਦੇ ਆਗੂਆਂ ਦਾ ਕਿਸਾਨੀ ਅੰਦੋਲਨ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਉਨ੍ਹਾਂ ਜ਼ਿੰਮੇਵਾਰ ਅਕਾਲੀ ਆਗੂਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।