ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 6 ਅਗਸਤ
ਥਾਣਾ ਸਦਰ ਰਾਏਕੋਟ ਅਧੀਨ ਪਿੰਡ ਲੋਹਟਬੱਦੀ ਦੇ ਰਹਿਣ ਵਾਲੇ ਰਾਜ ਮਿਸਤਰੀ ਜਗਵਿੰਦਰ ਸਿੰਘ (32) ਨੇ ਆਪਣੇ ਘਰ ਵਿਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਚੌਕੀ ਲੋਹਟਬੱਦੀ ਪੁਲੀਸ ਨੇ ਜਗਵਿੰਦਰ ਸਿੰਘ ਦੇ ਵੱਡੇ ਭਰਾ ਹਰਮੇਲ ਸਿੰਘ ਦੇ ਬਿਆਨਾਂ ’ਤੇ ਪਿੰਡ ਦੀ ਔਰਤ ਸੁਰਿੰਦਰ ਕੌਰ ਉਰਫ਼ ਮਧੂ ਵਿਧਵਾ ਗੁਰਦੇਵ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ।
ਜਾਂਚ ਅਫ਼ਸਰ ਸਬ-ਇੰਸਪੈਕਟਰ ਅਮਰਜੀਤ ਸਿੰਘ ਗਿੱਲ ਅਨੁਸਾਰ ਮੁਲਜ਼ਮ ਸੁਰਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਹਰਮੇਲ ਸਿੰਘ ਅਨੁਸਾਰ ਉਸ ਦਾ ਛੋਟਾ ਭਰਾ ਜਗਵਿੰਦਰ ਸਿੰਘ ਘਰ ਵਿੱਚ ਇਕੱਲਾ ਰਹਿੰਦਾ ਸੀ ਅਤੇ ਸੁਰਿੰਦਰ ਕੌਰ ਆਪਣੇ ਪਤੀ ਦੀ ਮੌਤ ਮਗਰੋਂ ਸਹਿਮਤੀ ਨਾਲ ਪਿਛਲੇ ਕਰੀਬ ਇੱਕ ਸਾਲ ਤੋਂ ਉਸ ਦੇ ਭਰਾ ਨਾਲ ਹੀ ਰਹਿੰਦੀ ਸੀ। ਕੁਝ ਅਰਸੇ ਤੋਂ ਦੋਵਾਂ ਦਾ ਆਪਸੀ ਤਕਰਾਰ ਚੱਲਦਾ ਸੀ ਅਤੇ 4-5 ਮਹੀਨਿਆਂ ਤੋਂ ਜਗਵਿੰਦਰ ਸਿੰਘ ਉਸ ਨੂੰ ਘਰੋਂ ਜਾਣ ਲਈ ਆਖਦਾ ਸੀ। ਦੋ ਦਿਨ ਪਹਿਲਾਂ ਵੀ ਉਨ੍ਹਾਂ ਦਾ ਆਪਸੀ ਝਗੜਾ ਹੋਇਆ ਸੀ, ਬੀਤੀ ਰਾਤ ਜਗਵਿੰਦਰ ਸਿੰਘ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ। ਜਾਂਚ ਅਫ਼ਸਰ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਸਾਬਕਾ ਪਤਨੀ ਦੇ ਪਤੀ ਦੇ ਕਤਲ ਦੇ ਦੋਸ਼ ਹੇਠ ਪਰਵਾਸੀ ਮਜ਼ਦੂਰ ਗ੍ਰਿਫ਼ਤਾਰ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਥਾਣਾ ਸੁਧਾਰ ਅਧੀਨ ਪਿੰਡ ਤੁਗਲ ਵਿਚ ਰਹਿਣ ਵਾਲੇ ਬਿਹਾਰੀ ਮਜ਼ਦੂਰ ਵਿਰੇਨ ਸਾਦਾ ਨੇ ਕੁਝ ਦਿਨ ਪਹਿਲਾਂ ਉਪਿੰਦਰ ਸਾਦਾ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਉਪਿੰਦਰ ਸਾਦਾ ਦਾ ਬੀਤੇ ਦਿਨ ਚੰਡੀਗੜ੍ਹ ਦੇ 32 ਸੈਕਟਰ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉਪਿੰਦਰ ਸਾਦਾ ਦੀ ਪਤਨੀ ਸਵਿਆ ਦੇਵੀ ਦੇ ਬਿਆਨਾਂ ’ਤੇ ਥਾਣਾ ਸੁਧਾਰ ਦੀ ਪੁਲੀਸ ਨੇ ਵਿਰੇਨ ਸਾਦਾ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਅਫ਼ਸਰ ਸਬ-ਇੰਸਪੈਕਟ ਕਰਮਜੀਤ ਸਿੰਘ ਨੇ ਦੱਸਿਆ ਕਿ ਅਦਾਲਤ ਤੋਂ ਰਿਮਾਂਡ ਹਾਸਲ ਕਰ ਕੇ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਬਿਹਾਰ ਦੇ ਸਾਹਸਰਾ ਜ਼ਿਲ੍ਹੇ ਦੀ ਰਹਿਣ ਵਾਲੀ ਸਵਿਆ ਦੇਵੀ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ 24-25 ਸਾਲ ਪਹਿਲਾਂ ਉਸ ਦਾ ਵਿਆਹ ਵਿਰੇਨ ਸਾਦਾ ਨਾਲ ਹੋਇਆ ਸੀ ਪਰ ਅਣਬਣ ਹੋਣ ਮਗਰੋਂ ਉਸ ਨੇ ਉਪਿੰਦਰ ਸਾਦਾ ਨਾਲ ਦੂਜਾ ਵਿਆਹ ਕਰਵਾ ਲਿਆ ਸੀ। ਹੁਣ ਕੁਝ ਅਰਸੇ ਤੋਂ ਉਹ ਉਪਿੰਦਰ ਨਾਲ ਪਿੰਡ ਤੁਗਲ ਵਿੱਚ ਰਹਿ ਰਹੀ ਸੀ। ਵਿਰੇਨ ਸਾਦਾ ਵੀ ਇਸੇ ਪਿੰਡ ਵਿਚ ਮਜ਼ਦੂਰੀ ਕਰਦਾ ਸੀ। ਪਹਿਲੀ ਅਗਸਤ ਦੀ ਰਾਤ ਵਿਰੇਨ ਸਾਦਾ ਨੇ ਉਪਿੰਦਰ ਸਾਦਾ ਨੂੰ ਕੁੱਟਮਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਇਸ ਮਗਰੋਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।