ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਨਵੰਬਰ
ਮਾਲ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਨਾ ਹੋਣ ਦੀ ਸੂਰਤ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਝੋਨੇ ਲਈ ਬਾਰਦਾਨੇ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਝੋਨੇ ਦੀ ਸਾਰੀ ਫ਼ਸਲ ਨੂੰ ਭਰਨ ਲਈ ਲੁਧਿਆਣਾ ਲਈ ਕੁੱਲ 97 ਹਜ਼ਾਰ ਗੱਠਾਂ ਦੀ ਜ਼ਰੂਰਤ ਹੈ, ਜਿਸ ਵਿੱਚੋਂ 70 ਪ੍ਰਤੀਸ਼ਤ ਗੱਠਾਂ ਮਿੱਲਰਾਂ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਦਕਿ ਕਿ 30 ਪ੍ਰਤੀਸ਼ਤ ਤਕਰੀਬਨ 28 ਹਜ਼ਾਰ 500 ਗੱਠਾਂ ਦਾ ਪ੍ਰਬੰਧ ਰਾਜ ਦੀਆਂ ਖੁਰਾਕ ਏਜੰਸੀਆਂ ਦੁਆਰਾ ਕੀਤਾ ਜਾਣਾ ਹੈ। ਖੁਰਾਕ ਏਜੰਸੀਆਂ ਦੇ ਅੰਕੜਿਆਂ ਮੁਤਾਬਿਕ ਉਨ੍ਹਾਂ ਕੋਲ 22 ਹਜ਼ਾਰ 820 ਗੱਠਾਂ ਹਨ ਜਦਕਿ ਫ਼ਸਲ ਨੂੰ ਨਿਰਵਿਘਨ ਖਰੀਦਣ ਲਈ 5618 ਹੋਰ ਗੱਠਾਂ ਲੋੜੀਂਦੀਆ ਹਨ।
ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਲੁਧਿਆਣਾ ਦੱਖਣੀ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਉਹ ਜੋੜ-ਤੋੜ ਕਰਕੇ ਬਾਰਦਾਨੇ ਦਾ ਪ੍ਰਬੰਧ ਕਰ ਰਹੇ ਹਨ ਪਰ ਜੇਕਰ ਮਾਲ ਗੱਡੀਆਂ ਦੀ ਆਵਾਜਾਈ ਜਲਦ ਸ਼ੁਰੂ ਨਾ ਹੋਈ ਤਾਂ ਬਾਰਦਾਨੇ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋੜ ਪੂਰੀ ਕਰਨ ਲਈ ਉਨ੍ਹਾਂ ਨੂੰ ਬਾਰਦਾਨੇ ਦੇ ਘੱਟੋ-ਘੱਟ 125 ਰੇਲ ਗੱਡੀ ਦੇ ਡੱਬਿਆਂ ਦੀ ਜ਼ਰੂਰਤ ਹੈ ਜੋ ਕਿ ਕਿਸੇ ਹੋਰ ਸਾਧਨਾਂ ਰਾਹੀਂ ਸੰਭਵ ਨਹੀਂ ਹੈ।ਸੀਨੀਅਰ ਅਧਿਕਾਰੀਆਂ ਨੇ ਦੱਸਿਆ ਹੈ ਕਿ ਬਾਰਦਾਨੇ ਦੀ ਘਾਟ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਚਾਵਲਾਂ ਦੇ ਨਵੇਂ ਮਾਲ ਨੂੰ ਰੱਖ-ਰਖਾਅ ਲਈ ਗੁਦਾਮਾਂ ਵਿੱਚ ਜਗ੍ਹਾ ਦੀ ਵੀ ਘਾਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਰੇਲ ਗੱਡੀਆਂ ਦੇ ਰੁਕਣ ਕਰਕੇ ਚਾਵਲ ਅਤੇ ਕਣਕ ਦੀ ਦੂਜੇ ਰਾਜਾਂ ਵਿੱਚ ਸਪਲਾਈ ਨਹੀਂ ਹੋ ਪਾ ਰਹੀ।