ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 3 ਨਵੰਬਰ
ਇੱਥੋਂ ਦੇ ਪਿੰਡਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਘਰੇਲੂ ਰਸੋਈ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ। ਪਾਈਪ ਲਾਈਨ ਵਿਛਾਉਣ ਵਾਲੇ ਠੇਕੇਦਾਰ ਵੱਲੋਂ ਜਿੱਥੇ ਗੈੱਸ ਪਾਈਪ ਵਿਛਾਉਣ ਵੇਲੇ ਸੜਕਾਂ ਅਤੇ ਗਲੀਆਂ ਦੀ ਪੁੱਟ ਪੁਟਾਈ ਸ਼ੁਰੂ ਕੀਤੀ ਹੋਈ ਹੈ,ਉੱਥੇ ਕੁੱਝ ਪਿੰਡਾਂ ਵਿੱਚ ਪਾਣੀ ਵਾਲੀ ਪਾਈਪ ਲਾਈਨ ਦੇ ਨਾਲ ਹੀ ਗੈੱਸ ਵਾਲੀ ਪਾਈਪ ਪਾਉਣ ਦੀਆਂ ਖ਼ਬਰਾਂ ਹਨ। ਲੋਕਾਂ ਨੂੰ ਸੜਕਾਂ ਅਤੇ ਗਲੀਆਂ ਪੁੱਟੀਆਂ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੇਕੇਦਾਰ ਦੇ ਕਾਮਿਆਂ ਵੱਲੋਂ ਪਾਈਪ ਪਾਉਣ ਤੋਂ ਬਾਅਦ ਗਲੀਆਂ ਅਤੇ ਸੜਕਾਂ ਦੇ ਪਾਸੇ ਲਗਾਈਆਂ ਗਈਆਂ ਟਾਈਲਾਂ ਨੂੰ ਦੁਬਾਰਾ ਉਸੇ ਤਰ੍ਹਾਂ ਲਗਾਉਣ ਦੀ ਥਾਂ ਇੱਧਰ ਉੱਧਰ ਸੁੱਟ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਬਲਦੇਵ ਸਿੰਘ, ਅਮਨਦੀਪ ਸਿੰਘ, ਮਨਦੀਪ ਸਿੰਘ, ਸ਼ਰਨਜੀਤ ਸਿੰਘ ਨੇ ਮੰਗ ਕੀਤੀ ਕਿ ਪੰਚਾਇਤਾਂ ਵੱਲੋਂ ਠੇਕੇਦਾਰ ਨੂੰ ਕੰਮ ਪੂਰਾ ਕਰਨ ’ਤੇ ਹੀ ਕਲੀਨ ਚਿੱਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁੱਟੀਆਂ ਸੜਕਾਂ ਅਤੇ ਟਾਈਲਾਂ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ।