ਸੰਤੋਖ ਗਿੱਲ
ਗੁਰੂਸਰ ਸੁਧਾਰ, 20 ਸਤੰਬਰ
ਥਾਣਾ ਸੁਧਾਰ ਅਧੀਨ ਪਿੰਡ ਮੋਹੀ ਅਤੇ ਘੁਮਾਣ ਦਰਮਿਆਨ ਸੜਕ ਹਾਦਸੇ ਵਿਚ ਦੋ ਸਾਲ ਦੇ ਮਾਸੂਮ ਸਮੇਤ ਉਸ ਦੇ ਪਿਤਾ ਦੀ ਮੌਤ ਹੋ ਗਈ ਜਦਕਿ ਇਕ 17 ਸਾਲਾ ਰਿਸ਼ਤੇਦਾਰ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਮਾਰਗ ਉੱਪਰ ਵਾਪਰੇ ਹਾਦਸੇ ਵਿਚ ਮੋਟਰਸਾਈਕਲ ਸਵਾਰ ਅੱਬੂਵਾਲ ਵਾਸੀ ਪਰਮਿੰਦਰ ਸਿੰਘ (24 ਸਾਲ) ਪੁੱਤਰ ਸੁਖਦੇਵ ਸਿੰਘ ਆਪਣੇ ਦੋ ਸਾਲਾ ਪੁੱਤਰ ਜਸਪਿੰਦਰ ਸਿੰਘ ਅਤੇ ਆਪਣੀ ਰਿਸ਼ਤੇਦਾਰ ਲੜਕੀ ਸੁਖਜੋਤ ਕੌਰ (17 ਸਾਲ) ਵਾਸੀ ਪਿੰਡ ਬੋਪਾਰਾਏ ਕਲਾਂ ਸਮੇਤ ਆਪਣੇ ਬੁਲੇਟ ਮੋਟਰਸਾਈਕਲ ਨੰਬਰ ਪੀਬੀ 10 ਐੱਚਐੱਮ 8142 ’ਤੇ ਸਵਾਰ ਹੋ ਕੇ ਘੁਮਾਣ ਪਿੰਡ ਤੋਂ ਮੋਹੀ ਵੱਲ ਜਾ ਰਿਹਾ ਸੀ ਕਿ ਚੌਕ ਵਿਚ ਤੇਜ਼ ਰਫ਼ਤਾਰ ਮਹਿੰਦਰਾ ਐਕਸ ਯੂਵੀ ਕਾਰ ਨੰਬਰ ਪੀਬੀ 10 ਏਐੱਫ 0110 ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਗਏ। ਪਿੱਛੇ ਆ ਰਹੇ ਅੱਬੂਵਾਲ ਵਾਸੀ ਕੁਲਦੀਪ ਸਿੰਘ ਨੇ ਸਰਪੰਚ ਰਵਿੰਦਰ ਸਿੰਘ ਨੂੰ ਫ਼ੋਨ ਕਰ ਕੇ ਹਾਦਸੇ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਵੱਲੋਂ ਪੁਲੀਸ ਨੂੰ ਸੂਚਨਾ ਦੇਣ ਬਾਅਦ ਪੁਲੀਸ ਵੱਲੋਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਪਰਮਿੰਦਰ ਸਿੰਘ ਅਤੇ ਉਸ ਦੇ ਮਾਸੂਮ ਪੁੱਤਰ ਜਸਪਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਗੰਭੀਰ ਜ਼ਖ਼ਮੀ ਸੁਖਜੋਤ ਕੌਰ ਦਾ ਇਲਾਜ ਜਾਰੀ ਹੈ। ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਜਸਵੀਰ ਸਿੰਘ ਬੁੱਟਰ ਅਨੁਸਾਰ ਕਾਰ ਚਾਲਕ ਅਜੀਤਪਾਲ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ। ਅਜੀਤਪਾਲ ਸਿੰਘ ਪੇਸ਼ੇ ਵਜੋਂ ਡਰਾਈਵਰ ਹੈ ਅਤੇ ਕਾਰ ਮਾਲਕ ਉਸ ਨੂੰ ਲੈ ਕੇ ਜਾ ਰਹੇ ਸਨ। ਹਾਦਸੇ ਦੀ ਖ਼ਬਰ ਮਿਲਣ ਬਾਅਦ ਮ੍ਰਿਤਕ ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਲਈ ਭਾਰੀ ਗਿਣਤੀ ਲੋਕ ਉਨ੍ਹਾਂ ਦੇ ਘਰ ਪਹੁੰਚੇ।
ਮਾਲੇਰਕੋਟਲਾ-ਧਮੋਟ ਰੋਡ ’ਤੇ ਬੋਲੈਰੋ ਜੀਪ ਤੇ ਟਰੈਕਟਰ ਟਰਾਲੀ ਦੀ ਟੱਕਰ, ਦੋ ਹਲਾਕ
ਪਾਇਲ (ਦੇਵਿੰਦਰ ਸਿੰਘ ਜੱਗੀ ): ਇੱਥੇ ਦੇਰ ਰਾਤ ਸਵਾ ਅੱਠ ਵਜੇ ਦੇ ਕਰੀਬ ਮਾਲੇਰਕੋਟਲਾ-ਧਮੋਟ, ਪਾਇਲ ਮੇਨ ਰੋਡ ’ਤੇ ਪੈਂਦੀ ਸੋਨਾ ਕੈਟਲ ਫੀਡ ਫੈਕਟਰੀ ਦੇ ਮੂਹਰੇ ਬੋਲੈਰੋ ਜੀਪ ਦੀ ਟਰੈਕਟਰ ਟਰਾਲੀ ਨਾਲ ਹੋਈ ਟੱਕਰ ਦੌਰਾਨ ਟਰੈਕਟਰ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਬਲੈਰੋ ਦੇ ਡਰਾਈਵਰ ਦੀ ਲੁਧਿਆਣਾ ਜਾ ਕੇ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਜੱਲਾ ਦਾ ਵਾਸੀ ਗੁਰਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਆਪਣੀ ਬੋਲੈਰੋ ਜੀਪ ਪੀਬੀ10ਸੀਵਾਈ-1418 ਰਾਹੀਂ ਪਾਇਲ ਵੱਲੋਂ ਆਪਣੇ ਪਿੰਡ ਜੱਲਾ ਨੂੰ ਜਾ ਰਿਹਾ ਸੀ ਤਾਂ ਧਮੋਟ ਕਲਾਂ ਵੱਲੋਂ ਆ ਰਹੇ ਟਰੈਕਟਰ ਮਹਿੰਦਰਾ 575 ਪੀਬੀ10ਐੱਫਵੀ-3065 ਦੀ ਸੋਨਾ ਕੈਟਲ ਫੀਡ ਫੈਕਟਰੀ ਦੇ ਮੂਹਰੇ ਟੱਕਰ ਹੋ ਗਈ ਜਿਸ ਨੂੰ ਖੜਗ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੁਰਦਾਹ ਤਹਿਸੀਲ ਪੂਰਨਪੁਰ ਪੀਲੀਭੀਤ ਉੱਤਰ ਪ੍ਰਦੇਸ਼ ਚਲਾ ਰਿਹਾ ਸੀ। ਫੈਕਟਰੀ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਮੁਤਾਬਿਕ ਜਦੋਂ ਟਰੈਕਟਰ ਤੋਂ ਬਲੈਰੋ ਜੀਪ ਅੱਗੇ ਲੰਘਣ ਲੱਗੀ ਤਾਂ ਜੀਪ ਦੀ ਟਰਾਲੀ ਨਾਲ ਟੱਕਰ ਹੋ ਗਈ, ਜਿਸ ਕਾਰਨ ਟਰੈਕਟਰ ਦਾ ਡਰਾਈਵਰ ਬੁੜਕ ਕੇ ਥੱਲੇ ਆ ਡਿੱਗਾ ਜਿਸ ਦੇ ਉੱਪਰੋਂ ਦੀ ਟਰਾਲੀ ਲੰਘ ਗਈ। ਇਸ ਕਾਰਨ ਟਰੈਕਟਰ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਬਲੈਰੋ ਜੀਪ ਦੇ ਡਰਾਈਵਰ ਗੁਰਵਿੰਦਰ ਸਿੰਘ ਦੀ ਮੌਤ ਲੁਧਿਆਣਾ ਜਾ ਕੇ ਹੋ ਗਈ। ਤਫਤੀਸ਼ੀ ਸਬ-ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਮ੍ਰਿਤਕਾਂ ਦੇ ਦੋਵਾਂ ਪਰਿਵਾਰਾਂ ਦੇ ਬਿਆਨ ਦਰਜ ਕਰਕੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਦੋਵਾਂ ਡਰਾਈਵਰਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਲੁਧਿਆਣਾ ਅਤੇ ਖੰਨਾ ਭੇਜ ਦਿੱਤਾ ਗਿਆ ਹੈ। ਦੋਵੇਂ ਡਰਾਈਵਰ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ।