ਗਗਨਦੀਪ ਅਰੋੜਾ
ਲੁਧਿਆਣਾ, 8 ਜੂਨ
ਭਾਜਪਾ ਨੇ ਕਰੋਨਾ ਨੂੰ ਮਾਤ ਦੇਣ ਲਈ ਸੂਬਾ ਸਰਕਾਰ ਦੇ ਵੱਲੋਂ ਖ਼ਰੀਦੀ ਫਤਹਿ ਕਿਟ ਰਾਹੀਂ ਕਰੀਬ 8 ਕਰੋੜ ਦਾ ਘਪਲਾ ਹੋਣ ਦੇ ਦੋਸ਼ ਲਗਾਏ ਹਨ। ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ, ਜਨਰਲ ਸਕੱਤਰ ਜੀਵਨ ਗੁਪਤਾ ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਸ਼ਰ ਸਿੰਗਲ ਨੇ ਮੰਗਲਵਾਰ ਨੂੰ ਲੁਧਿਆਣਾ ’ਚ ਪੱਤਰਕਾਰ ਮਿਲਣੀ ਕੀਤੀ। ਉਨ੍ਹਾਂ ਦੋਸ਼ ਲਗਾਏ ਕਿ ਸੂਬਾ ਸਰਕਾਰ ਨੇ 50 ਹਜ਼ਾਰ ਫਤਹਿ ਕਿਟਾਂ ਖ਼ਰੀਦਣ ਦਾ 1 ਅਪਰੈਲ 2021 ਨੂੰ ਟੈਂਡਰ ਰਿਸੀਵ ਕੀਤਾ।
ਟੈਂਡਰ ’ਚ ਸੰਗਮ ਮੈਡੀਕਲ ਸਟੋਰ ਨੇ ਸਭ ਤੋਂ ਘੱਟ ਭਾਅ 837.76 ਰੁਪਏ ’ਚ ਫਤਹਿ ਕਿੱਟ ਦੇਣ ਦੀ ਪੇਸ਼ਕਸ਼ ਕੀਤੀ। ਇਸ ਦੇ ਬਾਵਜੂਦ ਸੂਬਾ ਸਰਕਾਰ ਨੇ 3 ਅਪਰੈਲ 2021 ਨੂੰ 940.80 ਰੁਪਏ ਦੀ ਬਜਾਇ ਕਿੱਟ ਦੇ ਭਾਅ 103.04 ਵਧਾ ਕੇ ਖ਼ਰੀਦ ਆਰਡਰ ਜਾਰੀ ਕਰ ਕੇ ਸੰਗਮ ਮੈਡੀਕਲ ਸਟੋਰ ਦੇ ਨਾਲ ਦੋ ਹੋਰ ਕੰਪਨੀਆਂ ਨੂੰ ਜੋੜ ਕੇ 50 ਹਜ਼ਾਰ ਦੇ ਆਰਡਰ ਨੂੰ ਤਿੰਨ ਭਾਗਾਂ ’ਚ ਵੰਡ ਦਿੱਤਾ। ਇਸ ਆਰਡਰ ’ਚ ਸਰਕਾਰ ਨੇ ਸੰਗਮ ਮੈਡੀਕਲ ਸਟੋਰ ਤੋਂ ਸਿਰਫ਼ 16.668 ਫਤਹਿ ਕਿੱਟਾਂ ਹੀ ਖ਼ਰੀਦੀਆਂ, ਬਾਕੀ ਦੀਆਂ 33,332 ਕਿੱਟਾਂ ਹੋਰ ਖ਼ਰੀਦੀਆਂ।
ਅਨਿਲ ਸਰੀਨ ਨੇ ਕਿਹਾ ਕਿ ਜਦੋਂ ਸੰਗਮ ਮੈਡੀਕਲ ਸਟੋਰ ਫਤਹਿ ਕਿਟ 837.76 ਰੁਪਏ ’ਚ ਦੇਣ ਲਈ ਤਿਆਰ ਸੀ ਤਾਂ ਸਰਕਾਰ ਨੇ ਕਿਸ ਮਜਬੂਰੀ ’ਚ 940.80 ਰੁਪਏ ’ਚ 50 ਹਜ਼ਾਰ ਕਿੱਟਾਂ ਖ਼ਰੀਦੀਆਂ। ਇੱਥੇ ਹੀ ਬੱਸ ਨਹੀਂ ਸਿਰਫ਼ 17 ਦਿਨ ਬਾਅਦ ਸੂਬਾ ਸਰਕਾਰ ਨੇ ਇੱਕ ਹੋਰ ਟੈਂਡਰ ਦੇ ਰਾਹੀਂ ਇੱਕ ਹੋਰ ਕੰਪਨੀ ਗ੍ਰੈਂਡ-ਵੇਵਨ ਇਨ ਕਾਰਪੋਰੇਸ਼ਨ ਤੋਂ 50 ਹਜ਼ਾਰ ਕਿੱਟਾਂ 20 ਅਪਰੈਲ ਨੂੰ 1226.40 ’ਚ ਖ਼ਰੀਦੀਆਂ। ਖ਼ਾਸ ਗੱਲ ਇਹ ਹੈ ਕਿ ਦੂਜੇ ਟੈਂਡਰ ਰਾਹੀਂ ਜਿਨ੍ਹਾਂ ਕਿੱਟਾਂ ਨੂੰ 1226.40 ਰੁਪਏ ’ਚ ਖ਼ਰੀਦਿਆ ਗਿਆ ਸੀ, ਉਨ੍ਹਾਂ ਦੀਆਂ ਕਿੱਟਾਂ ਨੂੰ ਤੀਜੇ ਟੈਂਡਰ ’ਚ 7 ਮਈ 2021 ਨੂੰ 1338 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖ਼ਰੀਦਿਆ ਗਿਆ। ਭਾਜਪਾ ਆਗੂਆਂ ਨੇ ਫਤਹਿ ਕਿਟ ਖ਼ਰੀਦ ’ਚ ਕਰੀਬ 8 ਕਰੋੜ ਰੁਪਏ ਦੇ ਘਪਲੇ ਦੀ ਸੀਬੀਆਈ ਜਾਂਚ ਮੰਗੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਤੋਂ ਅਸਤੀਫ਼ਾ ਮੰਗਿਆ ਹੈ।