ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਸਤੰਬਰ
ਪੰਜਾਬ ਦੀ 11 ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਵੱਲੋਂ ਕੀਤੇ ਫ਼ੈਸਲੇ ਮੁਤਾਬਿਕ ਪੰਜਾਬ ਦੇ ਕਿਸਾਨ ਸੂਬੇ ਭਰ ਵਿੱਚ 15 ਸਤੰਬਰ ਨੂੰ ਦੁਪਿਹਰ 12 ਤੋਂ 2 ਵਜੇ ਤੱਕ ਮੁੱਖ ਸੜਕਾਂ ਅਤੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਕੇ ਖੇਤੀ ਆਰਡੀਨੈਸਾਂ ਦਾ ਵਿਰੋਧ ਕਰਨਗੇ।
ਇਸ ਸਬੰਧੀ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮੰਡੀਕਰਨ, ਠੇਕਾ ਖੇਤੀ, ਜ਼ਰੂਰੀ ਵਸਤੂਆਂ ਦਾ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2020 ਸਬੰਧੀ ਆਰਡੀਨੈਂਸ ਪਾਸ ਕਰਵਾਉਣ ਲਈ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਦਾ ਵਿਰੋਧ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਸੰਘਰਸ਼ ਵਿੱਚ ਹਿੱਸਾ ਲੈ ਕੇ ਕਿਸਾਨੀ ਬਚਾਉਣ ਦਾ ਉਪਰਾਲਾ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਇਸ ਦੌਰਾਨ ਅਮਰਜੈਂਸੀ ਸੇਵਾਵਾਂ ਰੋਕਣ ਦੀ ਕੋਸ਼ਿਸ਼ ਨਾ ਕਰਨ। ਉਹ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਨਾ ਰੋਕਣ।
ਉਨ੍ਹਾਂ ਜਥੇਬੰਦੀ ਦੇ ਸੀਨੀਅਰ ਆਗੂਆਂ ਦੀਆਂ ਵੱਖ-ਵੱਖ ਜ਼ਿਲ੍ਹਿਆਂ ਲਈ ਡਿਊਟੀਆਂ ਵੀ ਲਗਾਈਆਂ। ਉਨ੍ਹਾਂ ਦੱਸਿਆ ਕਿ ਮਾਨਸਾ ਲਈ ਕੁਲਦੀਪ ਸਿੰਘ ਚੱਕਭਾਈਕਾ, ਜਰਨੈਲ ਸਿੰਘ, ਫਾਜ਼ਿਲਕਾ ਲਈ ਬੂਟਾ ਸਿੰਘ ਚਿਮਨੇਵਾਲ, ਮਨਜੀਤ ਸਿੰਘ ਜਲਾਲਾਬਾਦ, ਲੁਧਿਆਣਾ ਲਈ ਅਮਰ ਸਿੰਘ, ਵੀਰਪਾਲ਼ ਸਿੰਘ ਘੰਗਰਾਣਾ, ਮੁਕਤਸਰ ਸਾਹਿਬ ਲਈ ਜਗਦੇਵ ਸਿੰਘ ਕਾਨਿਆਂਵਾਲੀ, ਬਠਿੰਡਾ ਲਈ ਮੱਘਰ ਸਿੰਘ ਮੀਆਂ ਅਤੇ ਸੰਗਰੂਰ ਲਈ ਭੁਪਿੰਦਰ ਸਿੰਘ ਅਤੇ ਕਰਮਜੀਤ ਸਿੰਘ ਦੀ ਡਿਊਟੀ ਲਗਾਈ ਹੈ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨਾਂ ਦੇ ਸਰਗਰਮ ਅਹੁਦੇਦਾਰਾਂ, ਆੜ੍ਹਤੀ ਐਸੋਸੀਏਸ਼ਨ ਤੇ ਮੁਨੀਮ ਜਥੇਬੰਦੀਆਂ ਦੀ ਸਾਂਝੀ ਇਕੱਤਰਤਾ ਹੋਈ। ਇਸ ਵਿਚ ਬੋਲਦਿਆਂ ਕਿਸਾਨ ਆਗੂਆਂ ਜਸਵੰਤ ਸਿੰਘ ਬੀਜਾ, ਰਾਜਿੰਦਰ ਸਿੰਘ ਕੋਟ ਪਨੈਚ, ਪ੍ਰਗਟ ਸਿੰਘ, ਬਲਵੰਤ ਸਿੰਘ ਰਾਜੇਵਾਲ ਆਦਿ ਨੇ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਨੇ ਹਮੇਸ਼ਾਂ ਕਿਸਾਨਾਂ ਨਾਲ ਵਿਕਤਰਾ ਹੀ ਕੀਤਾ ਹੈ ਤੇ ਕਦੇ ਵੀ ਕਿਸਾਨੀ ਹੱਕਾਂ ਦੀ ਰਾਖੀ ਨਹੀਂ ਕੀਤੀ, ਜਿਸ ਕਾਰਨ ਹੁਣ ਤੱਕ ਆਰਥਿਕ ਤੰਗੀਆਂ ਕਾਰਨ ਹਜ਼ਾਰਾਂ ਕਿਸਾਨ ਖ਼ੁਦਕਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਆਰਡੀਨੈਸਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਿੱਧੇ ਕਿਸਾਨ ਮਾਰੂ ਹਨ ਅਤੇ ਇਸ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ-2020 ਨੂੰ ਰੱਦ ਕਰਵਾਉਣ ਲਈ ਅੱਜ 15 ਸਤੰਬਰ ਨੂੰ ਖੰਨਾ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਮਾਰਗ ਤੋਂ ਇਲਾਵਾ ਸਾਰੀਆਂ ਸਰਵਿਸ ਸੜਕਾਂ ਨੂੰ ਵੀ ਜਾਮ ਕੀਤਾ ਜਾਵੇਗਾ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਰਾਜੇਵਾਲ, ਇੰਦਰਜੀਤ ਸਿੰਘ ਈਸੜੂ, ਜਰਨੈਲ ਸਿੰਘ, ਤਰਲੋਚਨ ਸਿੰਘ, ਸ਼ਿੰਗਾਰਾ ਸਿੰਘ, ਸਾਧੂ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ।