ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 18 ਜੂਨ
ਇਕ ਆੜ੍ਹਤੀ ਆਗੂ ਵੱਲੋਂ ਕੰਡਿਆਂ ’ਚ ਹੇਰ-ਫੇਰ ਕਰ ਕੇ ਪ੍ਰਤੀ ਬੋਰੀ ਦੋ ਕਿਲੋ ਵੱਧ ਮੂੰਗੀ ਤੋਲਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਤਿੰਨ ਆੜ੍ਹਤੀਆਂ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਤੋਲ ’ਚ ਫਰਕ ਦਾ ਮੁੱਦਾ ਭਖ਼ ਜਾਣ ਤੋਂ ਬਾਅਦ ਆੜ੍ਹਤੀ ਕੰਡਿਆਂ ਦਾ ਤੋਲ ਦਰੁਸਤ ਕਰਵਾਉਂਦੇ ਦੇਖੇ ਗਏ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਇਕਾਈ ਨੇ ਅੱਜ ਸਥਾਨਕ ਮੰਡੀ ਦਾ ਦੌਰਾ ਕੀਤਾ। ਇਸ ਸਮੇਂ ਕੁਝ ਕੰਡਿਆਂ ਦਾ ਤੋਲ ਵੀ ਚੈੱਕ ਕੀਤਾ ਗਿਆ। ਇਸ ਸਮੇਂ ਤੋਲ ’ਚ ਹੇਰ ਫੇਰ ਕਰ ਕੇ ਕਿਸਾਨਾਂ ਦੀ ਲੁੱਟ ਕਰਨ ਵਾਲੇ ਆੜ੍ਹਤੀਆਂ ਅਤੇ ਆਪਸੀ ਮਿਲੀਭੁਗਤ ਨਾਲ ਮੂੰਗੀ ਦਾ ਭਾਅ ਘੱਟ ਦੇਣ ਵਾਲੇ ਵਪਾਰੀਆਂ ਨੂੰ ਤਾੜਨਾ ਕੀਤੀ ਗਈ। ਕਿਸਾਨ ਜਥੇਬੰਦੀ ਦਾ ਵਫ਼ਦ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੂੰ ਵੀ ਮਿਲਿਆ।
ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ’ਚ ਨਵੀਂ ਅਨਾਜ ਮੰਡੀ ਦਾ ਦੌਰਾ ਕਰਨ ਵਾਲੀ ਟੀਮ ’ਚ ਹਰਪ੍ਰੀਤ ਸਿੰਘ ਸਿੱਧਵਾਂ, ਇੰਦਰਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗਾਲਬਿ ਆਦਿ ਸ਼ਾਮਲ ਸਨ। ਇਸ ਦੌਰਾਨ ਮੰਡੀ ’ਚ ਮੂੰਗੀ ਵੇਚਣ ਆਏ ਕਿਸਾਨਾਂ, ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵੀ ਮੁਲਾਕਾਤ ਕੀਤੀ ਗਈ। ਬੀਤੇ ਦਿਨ ਇਕ ਆੜ੍ਹਤੀ ਆਗੂ ਦੀ ਦੁਕਾਨ ’ਤੇ ਕਿਸਾਨ ਦੀ ਵੱਧ ਮੂੰਗੀ ਤੋਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ ਇਹ ਮਸ਼ਕ ਕੀਤੀ ਗਈ। ਕਿਸਾਨ ਆਗੂਆਂ ਨੇ ਮੰਡੀ ’ਚ ਕੁਝ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕਿਸਾਨਾਂ ਨਾਲ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਮਾੜੇ ਵਿਹਾਰ ਤੋਂ ਖ਼ਬਰਦਾਰ ਕੀਤਾ। ਜਥੇਬੰਦੀ ਵੱਲੋਂ ਕੰਡਿਆਂ ਦੀ ਪੜਤਾਲ ਕਰਦਿਆਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ’ਚ ਕਿਸੇ ਵੀ ਕਿਸਮ ਦੀ ਸ਼ਿਕਾਇਤ ਦਾ ਮੌਕਾ ਮਜ਼ਦੂਰ ਭਾਈਚਾਰਾ ਨਹੀਂ ਦੇਵੇਗਾ।
ਉਨ੍ਹਾਂ ਆੜ੍ਹਤੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਚੱਲ ਰਹੇ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਕਿਸਾਨ ਦੀ ਫ਼ਸਲ ਦੇ ਤੋਲ ’ਚ ਕਿਸੇ ਵੀ ਕਿਸਾਮ ਦੀ ਹੇਰਾਫੇਰੀ ਦਾ ਸਖ਼ਤ ਨੋਟਿਸ ਲਿਆ ਜਾਵੇਗਾ। ਚੈਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਕਿਸਾਨ ਆਗੂਆਂ ਨੂੰ ਦੱਸਿਆ ਕਿ ਮੰਡੀ ’ਚ ਚੈਕਿੰਗ ਦੌਰਾਨ ਕੰਡਿਆਂ ’ਚ ਫਰਕ ਸਾਹਮਣੇ ਆਉਣ ’ਤੇ ਤਿੰਨ ਆੜ੍ਹਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ’ਚ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ।