ਪੱਤਰ ਪ੍ਰੇਰਕ
ਮਾਛੀਵਾੜਾ, 30 ਦਸੰਬਰ
ਇਲਾਕੇ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਯੂਰੀਆ ਖਾਦ ਦੀ ਸਪਲਾਈ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਦੀ ਬੀਜੀ ਕਣਕ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਖੇਤੀਬਾੜੀ ਸਹਿਕਾਰੀ ਸਭਾ ਬਲੀਏਵਾਲ ਦੇ ਪ੍ਰਧਾਨ ਅਤੇ ਡੀ.ਸੀ.ਯੂ. ਦੇ ਚੇਅਰਮੈਨ ਕਮਲਜੀਤ ਸਿੰਘ ਬਲੀਏਵਾਲ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਵਿੱਚ ਨਾਂਮਾਤਰ ਸਪਲਾਈ ਹੈ ਅਤੇ ਕਿਸਾਨ ਖਾਦ ਦੀ ਪੂਰਤੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।
ਉਨ੍ਹਾਂ ਕਿਹਾ ਕਿ ਬਾਹਰੋਂ ਪ੍ਰਾਈਵੇਟ ਦੁਕਾਨਾਂ ਤੋਂ ਯੂਰੀਆ ਖਾਦ ਨਾਲ ਕੁਝ ਦੁਕਾਨਦਾਰ ਹੋਰ ਗੈਰ-ਜ਼ਰੂਰੀ ਵਸਤਾਂ ਮਹਿੰਗੇ ਭਾਅ ’ਤੇ ਵੇਚ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਅਮਰੀਕ ਸਿੰਘ ਧਾਲੀਵਾਲ, ਜਥੇਦਾਰ ਮਨਮੋਹਣ ਸਿੰਘ ਖੇੜਾ, ਸੁਖਵਿੰਦਰ ਸਿੰਘ ਭੱਟੀਆਂ, ਕਰਮਜੀਤ ਸਿੰਘ ਅਢਿਆਣਾ, ਮਨਜੀਤ ਸਿੰਘ ਪਵਾਤ, ਨਿਰੰਜਨ ਸਿੰਘ ਨੂਰ ਤੇ ਭੁਪਿੰਦਰ ਸਿੰਘ ਹਿਯਾਤਪੁਰ ਨੇ ਕਿਹਾ ਕਿ ਯੂਰੀਆ ਖਾਦ ਦੀ ਸਪਲਾਈ ਨਾ ਆਉਣ ਕਾਰਨ ਕਿਸਾਨਾਂ ਦੀ ਕਣਕ ਫਸਲ ਦਾ ਝਾੜ ਪ੍ਰਭਾਵਿਤ ਹੋਵੇਗਾ ਜਿਸ ਨਾਲ ਭਾਰੀ ਆਰਥਿਕ ਨੁਕਸਾਨ ਹੋਵੇਗਾ। ਕਿਸਾਨ ਆਗੂਆਂ ਵੱਲੋਂ ਐੱਸ.ਡੀ.ਐੱਮ. ਸਮਰਾਲਾ ਨੂੰ ਵੀ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਖੇਤੀਬਾੜੀ ਸਹਿੀਕਾਰੀ ਸਭਾਵਾਂ ਵਿੱਚ ਯੂਰੀਆ ਸਪਲਾਈ ਵਿਚ ਤੇਜ਼ੀ ਲਿਆਂਦੀ ਜਾਵੇ।