ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਨਵੰਬਰ
ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਕਈ ਮਹੀਨਿਆਂ ਤੋਂ ਪੱਕੇ ਮੋਰਚੇ ’ਤੇ ਡਟੇ ਜਮਹੂਰੀ ਕਿਸਾਨ ਸਭਾ ਦੇ ਆਗੂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਕਰਮ ਸਿੰਘ ਗਰੇਵਾਲ ਨੇ ਦੇਸ਼ ਦੀ ਅਜ਼ਾਦੀ ਲਈ ਫਾਂਸੀ ਦੇ ਰੱਸੇ ਚੁੰਮਣ, ਕਾਲੇ ਪਾਣੀਆਂ ਸਮੇਤ ਜਲਾਵਤਨੀ ਕੱਟਣ ਅਤੇ ਆਪਣੀਆਂ ਜਾਇਦਾਦਾਂ ਕੁਰਕ ਕਰਵਾਉਣ ਵਾਲੇ ਦੇਸ਼ ਭਗਤਾਂ ਅਤੇ ਅਜ਼ਾਦੀ ਦੇ ਪਰਵਾਨਿਆਂ ਦੀ ਤੌਹੀਨ ਕਰਨ ਵਾਲੀ ਕੰਗਨਾ ਰਣੌਤ ਨੂੰ ਖ਼ਬਰਦਾਰ ਕੀਤਾ। ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਸਮਰਥਕ ਇਹ ਭੁੱਲ ਬੈਠੀ ਹੈ ਕਿ ਐਵਾਰਡ ਤਾਂ ਭੀਖ ਵਿਚ ਮਿਲ ਜਾਂਦੇ ਹਨ ਪਰ ਆਜ਼ਾਦੀ ਕਦੇ ਭੀਖ ਵਿਚ ਨਹੀਂ ਮਿਲਦੀ। ਉਨ੍ਹਾਂ ਕੰਗਨਾ ਰਣੌਤ ਨੂੰ ਤਾੜਨਾ ਕੀਤੀ ਕਿ ਉਹ ਆਜ਼ਾਦੀ ਦੀ ਲੜਾਈ ਬਾਰੇ ਟਿੱਪਣੀਆਂ ਤੋਂ ਪਰਹੇਜ਼ ਹੀ ਕਰੇ ਨਹੀਂ ਤਾਂ ਸਖ਼ਤ ਐਕਸ਼ਨ ਉਲੀਕਿਆ ਜਾਵੇਗਾ। ਲੜੀਵਾਰ ਧਰਨੇ ਦੀ ਅਗਵਾਈ ਅਮਨਦੀਪ ਕੌਰ ਨੇ ਕੀਤੀ।
ਜਨਵਾਦੀ ਇਸਤਰੀ ਸਭਾ ਦੀ ਆਗੂ ਰਜਿੰਦਰ ਕੌਰ, ਸੁਖਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ ਨੇ ਵੀ ਅੰਦੋਲਨਕਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਕਿਸੇ ਸਨਮਾਨ ਦੀ ਹੱਕਦਾਰ ਨਹੀਂ ਹੈ। ਉਸ ਦਾ ਸਨਮਾਨ ਵਾਪਸ ਲੈਣਾ ਚਾਹੀਦਾ ਹੈ।
ਸੀਪੀਆਈ ਤੇ ਸ਼ਿਵ ਸੈਨਾ ਵੱਲੋਂ ਵੀ ਕੰਗਨਾ ਦੇ ਬਿਆਨ ਦੀ ਨਿਖੇਧੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਮਿਊਨਿਸਟ ਪਾਰਟੀ ਨੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ ਹੈ। ਸੀਪੀਆਈ ਦੇ ਆਗੂਆਂ ਕਾਮਰੇਡ ਡੀਪੀ ਮੌੜ ਸਕੱਤਰ, ਡਾ. ਅਰੁਣ ਮਿੱਤਰਾ, ਚਮਕੌਰ ਸਿੰਘ, ਐਮਐਸ ਭਾਟੀਆ ਅਤੇ ਰਮੇਸ਼ ਰਤਨ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਇਸ ਬਿਆਨ ਉੱਪਰ ਪ੍ਰਧਾਨ ਮੰਤਰੀ ਨੇ ਚੁੱਪੀ ਸਾਧ ਲਈ ਹੈ, ਜਿਸ ਤੋਂ ਇਹ ਸਾਫ਼ ਜ਼ਾਹਿਰ ਹੈ ਕਿ ਉਹ ਇਸ ਬਿਆਨ ਨਾਲ ਸਹਿਮਤ ਹਨ। ਆਗੂਆਂ ਨੇ ਕਿਹਾ ਕਿ ਕੰਗਨਾ ਰਣੌਤ ਦੇ ਬਿਆਨ ਨੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੋਂ ਇਲਾਵਾ ਹਜ਼ਾਰਾਂ ਆਜ਼ਾਦੀ ਘੁਲਾਟੀਆਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਕੁਰਬਾਨ ਕਰ ਦਿੱਤੀਆਂ, ਦਾ ਕੋਝਾ ਮਜ਼ਾਕ ਉਡਾਇਆ ਹੈ। ਉਨ੍ਹਾਂ ਉਸ ਤੋਂ ਪਦਮਸ੍ਰੀ ਫੌਰਨ ਵਾਪਿਸ ਲੈ ਕੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੇ ਜੇਲ੍ਹ ਵਿੱਚ ਸੁੱਟ ਦੀ ਮੰਗ ਕੀਤੀ ਹੈ। ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨੇ ਵੀ ਕੰਗਨਾ ਦੇ ਬਿਆਨ ਦਾ ਵਿਰੋਧ ਕੀਤਾ ਹੈ। ਪਾਰਟੀ ਦੇ ਪੰਜਾਬ ਪ੍ਰਮੁੱਖ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇੱਥੇ ਸੂਬਾ ਪੱਧਰੀ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿੱਚ ਸ਼ਿਵ ਸੈਨਾ ਦੇ ਪੰਜਾਬ ਸਰਪ੍ਰਸਤ ਅਮਰ ਟੱਕਰ, ਬੁਲਾਰੇ ਚੰਦਰਕਾਂਤ ਚੱਢਾ, ਬੌਬੀ ਮਿੱਤਲ, ਮਣੀ ਸ਼ੇਰਾ, ਟਰਾਂਸਪੋਰਟ ਵਿੰਗ ਪ੍ਰਮੁੱਖ ਮਨੋਜ ਟਿੰਕੂ, ਚੰਦਰ ਕਾਲੜਾ, ਦੀਪਕ ਅਰੋੜਾ ਅਤੇ ਵਿਪੁਲ ਕੁਮਾਰ ਨੇ ਕਿਹਾ ਕਿ ਕੰਗਨਾ ਨੇ ਇਹ ਬਿਆਨ ਦੇ ਕੇ ਲੋਕਾਂ ਦੇ ਦਿਲਾਂ ਨੂੰ ਸੱਟ ਮਾਰੀ ਹੈ।