ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਸਤੰਬਰ
ਨਸ਼ਿਆਂ ’ਚ ਗਲਤਾਨ ਹੁੰਦੀ ਜਾ ਰਹੀ ਜਵਾਨੀ ਨੂੰ ਬਚਾਉਣ ਤੇ ਜਾਗਰੂਕ ਕਰਨ ਲਈ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਪਿੰਡ-ਪਿੰਡ ਨਸ਼ਿਆਂ ਵਿਰੋਧੀ ਨਾਟਕਾਂ ਦੇ ਮੰਚਨ ਦੀ ਲਹਿਰ ਆਰੰਭੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੁਹਿੰਮ ਪਿੰਡਾਂ ਦੀ ਜਵਾਨੀ ਨੂੰ ਨਸ਼ਿਆਂ ਦੇ ਛੇਵੇਂ ਦਰਿਆ ’ਚ ਡੁੱਬਣ ਤੋਂ ਬਚਾਉਣ ਅਤੇ ਪੰਜਾਬੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਹਿੱਤ ਸ਼ੁਰੂ ਕੀਤੀ ਗਈ ਹੈ। ਨਾਟਕ ਲੜੀ ’ਚ ਇਲਾਕੇ ਦੇ ਪਿੰਡਾਂ ਕੁਲਾਰ, ਸੋਹੀਆਂ, ਪੰਡੋਰੀ, ਮੰਡਿਆਣੀ, ਖੰਜਰਵਾਲ, ਤਲਵੰਡੀ ਕਲਾਂ ਆਦਿ ’ਚ ਨਾਟਕ ਸਮਾਗਮ ਕਰਵਾਏ ਗਏ। ਇਨ੍ਹਾਂ ’ਚ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਨੌਜਵਾਨਾਂ, ਬੱਚਿਆਂ ਅਤੇ ਬੀਬੀਆਂ ਨੇ ਵੀ ਹਿੱਸਾ ਲਿਆ।
ਇਸ ਤਹਿਤ ਸ਼ਹੀਦ ਭਗਤ ਸਿੰਘ ਨਾਟਕ ਕਲਾ ਮੰਚ ਮੋਗਾ ਦੀ ਨਾਟਕ ਟੀਮ ਨੇ ਨਸ਼ਿਆਂ ਵਿਰੋਧੀ ਪ੍ਰਸਿੱਧ ਨਾਟਕ ‘ਸੁਲਘਦੀ ਧਰਤੀ’ ਖੇਡਿਆ। ਇਸ ’ਚ ਲੋਕ ਵਿਰੋਧੀ ਮੌਕਾਪ੍ਰਸਤ ਸਿਆਸੀ ਪਾਰਟੀਆਂ, ਪੰਜਾਬ ਪੁਲੀਸ ਤੇ ਨਸ਼ਾ ਸੌਦਾਗਰਾਂ ਦੇ ਗੱਠਜੋੜ ਦੇ ਲੋਕਮਾਰੂ ਤੇ ਜਵਾਨੀਮਾਰੂ ਖ਼ਤਰਨਾਕ ਰੋਲ ਨੂੰ ਬਾਖ਼ੂਬੀ ਉਘਾੜਿਆ ਗਿਆ ਹੈ। ਨਾਟਕ ਟੀਮ ਤੋਂ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਕਲਾਕਾਰਾਂ ਨੇ ਜ਼ਿੰਦਗੀ ਦੇ ਦੁੱਖਾਂ ਤੇ ਸਮੱਸਿਆਵਾਂ ਅਤੇ ਇਨ੍ਹਾਂ ਦੇ ਕ੍ਰਾਂਤੀਕਾਰੀ ਹੱਲ ਨੂੰ ਬਿਹਤਰੀਨ ਰੂਪ ’ਚ ਪੇਸ਼ ਕੀਤਾ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਖਜ਼ਾਨਚੀ ਮਨਮੋਹਣ ਸਿੰਘ ਪੰਡੋਰੀ ਤੇ ਡਾ. ਗੁਰਮੇਲ ਸਿੰਘ ਕੁਲਾਰ ਨੇ ਪਿੰਡਾਂ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਜਨਤਕ ਜਥੇਬੰਦੀਆਂ ਵੱਲੋਂ ਅੱਠ ਸਤੰਬਰ ਨੂੰ ਜਗਰਾਉਂ ’ਚ ਕੀਤੇ ਜਾ ਰਹੇ ਘਿਰਾਓ ਤੇ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਪਿੰਡ-ਪਿੰਡ ਮਾਰਚ ਕਰਦੇ ਕਾਫ਼ਲੇ ’ਚ ਜਥੇਬੰਦੀ ਦੇ ਕਾਰਕੁਨ ਅਵਤਾਰ ਸਿੰਘ ਤਲਵੰਡੀ, ਸੁਰਜੀਤ ਸਿੰਘ, ਪ੍ਰਦੀਪ ਕੁਮਾਰ ਤੇ ਹੋਰ ਸ਼ਾਮਲ ਸਨ।