ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 22 ਅਕਤੂਬਰ
ਭਾਕਿਯੂ ਏਕਤਾ (ਉਗਰਾਹਾਂ) ਅਤੇ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿਚ ਚੱਲ ਰਿਹਾ ਮੋਰਚਾ 119 ਦਿਨ ਪੂਰੇ ਕਰ ਕੇ ਚੌਥੇ ਮਹੀਨੇ ਨੂੰ ਢੁੱਕਿਆ ਹੈ।
ਕਿਸਾਨ ਆਗੂ ਕੁਲਦੀਪ ਸਿੰਘ ਗੁੱਜਰਵਾਲ, ਕਰਮਜੀਤ ਸਿੰਘ ਕੋਟ ਆਗਾ, ਜਸਵੀਰ ਸਿੰਘ ਕੋਟ ਆਗਾ, ਚਰਨਜੀਤ ਸਿੰਘ ਫੱਲੇਵਾਲ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣ ਵਿਚ ਕੋਈ ਕਸਰ ਨਹੀਂ ਛੱਡ ਰਹੀ। ਇਸ ਦੇ ਬਾਵਜੂਦ ਵੱਡੀ ਗਿਣਤੀ ਕਿਸਾਨ ਸੰਗਰੂਰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਡਟੇ ਹਨ ਅਤੇ ਕੋਟ ਆਗਾ ਮੋਰਚੇ ਵਿੱਚ ਵੀ ਕੋਈ ਢਿੱਲ ਨਹੀਂ ਆਉਣ ਦਿੱਤੀ ਗਈ। ਅੱਜ ਵੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਅਤੇ ਛੋਟੇ ਬੱਚਿਆਂ ਨੇ ਕੋਟ ਆਗਾ ਮੋਰਚੇ ਨੂੰ ਭਖਾਈ ਰੱਖਿਆ ਹੈ ਅਤੇ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਕਿਸਾਨ ਆਗੂ ਸਰਪੰਚ ਬਖ਼ਸ਼ੀਸ਼ ਸਿੰਘ ਕਾਲਖ, ਸੁਦਾਗਰ ਸਿੰਘ ਜੁੜਾਹਾਂ ਅਤੇ ਦਰਸ਼ਨ ਸਿੰਘ ਫੱਲੇਵਾਲ ਨੇ ਐਲਾਨ ਕੀਤਾ ਕਿ ਹੁਣ ਦੀਵਾਲੀ ਕੋਟ ਆਗਾ ਅਤੇ ਸੰਗਰੂਰ ਮੋਰਚੇ ਵਿਚ ਹੀ ਮਨਾਈ ਜਾਵੇਗੀ। ਇਸ ਮੌਕੇ ਲੰਗਰ ਦੀ ਸੇਵਾ ਪਿੰਡ ਕੋਟ ਆਗਾ ਦੀ ਸੰਗਤ ਵੱਲੋਂ ਕੀਤੀ ਗਈ।