ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਦਸੰਬਰ
ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਕਿਸਾਨ ਮੋਰਚੇ ਦੀ ਅੱਜ ਦੀ ਇਕੱਤਰਤਾ ’ਚ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਖ਼ਿਲਾਫ਼ ਭੜਾਸ ਕੱਢੀ ਗਈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਲਗਾਤਾਰ ਚੱਲ ਰਹੇ ਧਰਨੇ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਮੋਟਰਾਂ ਲਈ ਤਾਂ ਪਹਿਲਾਂ ਹੀ ਬਿਜਲੀ ਪੂਰੀ ਨਹੀਂ ਦਿੱਤੀ ਜਾ ਰਹੀ, ਉਪਰੋਂ ਹੁਣ ਘਰੇਲੂ ਬਿਜਲੀ ਦੇ ਅਣਐਲਾਨੇ ਕੱਟ ਲਾਏ ਜਾਣ ਲੱਗੇ ਹਨ। ਠੰਢ ਦੇ ਮੌਸਮ ’ਚ ਇਹ ਕੱਟ ਕਈ ਵਾਰ ਦੇਰ ਸ਼ਾਮ ਨੂੰ ਵੀ ਲੱਗਦੇ ਹਨ, ਜਿਸ ਕਰਕੇ ਚੁਫੇਰੇ ਹਨ੍ਹੇਰਾ ਹੋ ਜਾਂਦਾ ਹੈ। ਪਾਵਰਕੌਮ ਨੂੰ ਤਾੜਨਾ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਕਣਕ ਤੇ ਆਲੂਆਂ ਸਮੇਤ ਹੋਰ ਸਬਜ਼ੀਆਂ ਲਈ 8 ਘੰਟੇ ਰੋਜ਼ਾਨਾ ਬਿਜਲੀ ਦਿਨ ਵੇਲੇ ਲਾਜ਼ਮੀ ਦਿੱਤੀ ਜਾਵੇ। ਇਹ ਮੰਗ ਪੂਰੀ ਨਾ ਹੋਣ ’ਤੇ ਸੜਕਾਂ ਜਾਮ ਕਰਨ ਅਤੇ ਬਿਜਲੀ ਦਫ਼ਤਰਾਂ ਦੇ ਵੱਡੇ ਘਿਰਾਓ ਕੀਤੇ ਜਾਣਗੇ। ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਜਸਦੇਵ ਸਿੰਘ ਲਲਤੋਂ, ਰਣਜੀਤ ਸਿੰਘ ਸਿੱਧਵਾਂ, ਕੈਪਟਨ ਕੁਲਰਾਜ ਸਿੰਘ, ਰਣਜੀਤ ਸਿੰਘ ਗੁੜੇ, ਭਰਪੂਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਬਿਜਲੀ ਸਬੰਧੀ ਵੱਡੇ ਐਲਾਨ ਕਰ ਰਹੀ ਹੈ ਪਰ ਖਪਤਕਾਰਾਂ ਨੂੰ ਚੌਵੀ ਘੰਟੇ ਬਿਜਲੀ ਦੇਣ ’ਚ ਅਸਫ਼ਲ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਮੇਤ 9 ਹੋਰਨਾਂ ਕਿਸਾਨ ਮੰਗਾਂ ਦੀ ਪੂਰਤੀ ਲਈ ਮੋਦੀ ਹਕੂਮਤ ਫੌਰੀ ਸੰਯੁਕਤ ਕਿਸਾਨ ਮੋਰਚੇ ਨਾਲ ਅਰਥ-ਭਰਪੂਰ ਗੱਲਬਾਤ ਸ਼ੁਰੂ ਕਰੇ। ਅਜਿਹਾ ਨਾ ਕਰਨ ’ਤੇ ਕਿਸਾਨ ਇਕ ਸਾਲ ਤੋਂ ਚੱਲ ਰਿਹਾ ਸੰਘਰਸ਼ ਅੱਗੇ ਵਧਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਸੰਘਰਸ਼ ਦੌਰਾਨ ਸ਼ਹੀਦ ਕਿਸਾਨਾਂ ਦੇ ਆਸ਼ਰਿਤਾਂ ਨੂੰ ਨੌਕਰੀ ਤੇ ਮੁਆਵਜ਼ੇ ਦਾ ਵਾਅਦਾ ਪੂਰਾ ਕਰੇ ਅਤੇ ਭੰਗ ਕੀਤੀਆਂ ਟਰੱਕ ਯੂਨੀਅਨਾਂ ਬਹਾਲ ਕਰਕੇ ਠੇਕੇਦਾਰੀ ਪ੍ਰਬੰਧ ਦਾ ਖ਼ਾਤਮਾ ਕਰੇ।
ਇਸੇ ਤਰ੍ਹਾਂ ਸਥਾਨਕ ਰੇਲਵੇ ਪਾਰਕ ਵਿੱਚ ਵੀ ਕਿਸਾਨ ਧਰਨਾ ਜਾਰੀ ਰਿਹਾ। ਕਿਸਾਨ ਆਗੂਆਂ ਨੇ ਸੂਬੇ ਭਰ ’ਚ ਮੌਕਾਪ੍ਰਸਤ ਸਿਆਸੀ ਪਾਰਟੀਆਂ ਵੱਲੋਂ ਦਲਬਦਲੀ ਦੀ ਸ਼ੁਰੂ ਕੀਤੀ ਖੇਡ ਨੂੰ ਸਿਰਫ ਤੇ ਸਿਰਫ ਸੱਤਾ ਦਾ ਸੁੱਖ ਭੋਗਣ ਦੀ ਇਕ ਲਾਲਚੀ ਕਸਰਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਭਿਆਚਾਰ ’ਚ ਗੰਦ ਪਾਉਣ ਵਾਲਾ ਸਿੱਧੂ ਮੂਸੇ ਵਾਲਾ ਹੁਣ ਸਿਆਸਤ ’ਚ ਗੰਦ ਪਾਉਣ ਆ ਰਿਹਾ ਹੈ। ਧਰਨੇ ਨੂੰ ਬਚਿੱਤਰ ਸਿੰਘ ਜਨੇਤਪੁਰਾ, ਦਰਸ਼ਨ ਸਿੰਘ ਗਾਲਬਿ, ਹਰਚੰਦ ਸਿੰਘ ਢੌਲਣ, ਕੰਵਲਜੀਤ ਖੰਨਾ, ਹਰਬੰਸ ਸਿੰਘ ਅਖਾੜਾ, ਦਲਜੀਤ ਸਿੰਘ ਰਸੂਲਪੁਰ, ਜਗਦੀਸ਼ ਸਿੰਘ ਆਦਿ ਨੇ ਸੰਬੋਧਨ ਕੀਤਾ।
ਸਾਰੀਆਂ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ
ਗੁਰੂਸਰ ਸੁਧਾਰ (ਸੰਤੋਖ ਗਿੱਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਹਿਰਾ ਟੌਲ ਪਲਾਜ਼ਾ ਉੱਪਰ 430ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਅਤੇ ਸ਼ੇਰ ਸਿੰਘ ਮਹੋਲੀ ਨੇ ਖੇਤੀ ਨੂੰ ਤਬਾਹ ਕਰਨ ਵਾਲੇ ਕਾਨੂੰਨਾਂ ਦੀ ਵਾਪਸੀ ਨੂੰ ਕਿਸਾਨਾਂ-ਮਜ਼ਦੂਰਾਂ ਦੀ ਸ਼ਾਨਦਾਰ ਜਿੱਤ ਕਰਾਰ ਦਿੰਦੇ ਹੋਏ, ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਰਹਿੰਦੀਆਂ ਮੰਗਾਂ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਹਾਲੇ ਵੀ ਟਾਲਮਟੋਲ ਅਤੇ ਕਿਸਾਨ ਮੋਰਚੇ ਵਿਚ ਫੁੱਟ ਪਾਉਣ ਦੀ ਨੀਤੀ ਉੱਪਰ ਚੱਲ ਰਹੀ ਹੈ, ਇਸ ਲਈ ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਨੂੰ ਦਿੱਲੀ ਦੀਆਂ ਸਰਹੱਦਾਂ ਉੱਪਰ ਚੱਲ ਰਹੇ ਮੋਰਚਿਆਂ ਵਿਚ ਤਾਕਤ ਹੋਰ ਵਧਾਉਣ ਦਾ ਸੱਦਾ ਦਿੱਤਾ ਤਾਂ ਕਿ ਮੋਦੀ ਸਰਕਾਰ ਉੱਪਰ ਦਬਾਅ ਬਰਕਰਾਰ ਰੱਖਿਆ ਜਾ ਸਕੇ। ਉੱਧਰ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਲੜੀਵਾਰ ਧਰਨਾ ਜਾਰੀ ਰਿਹਾ। ਧਰਨਾਕਾਰੀਆਂ ਨੂੰ ਬਿਜਲੀ ਮੁਲਾਜ਼ਮ ਆਗੂ ਕਰਤਾਰ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ ਨੇ ਸੰਬੋਧਨ ਕੀਤਾ।