ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 11 ਫਰਵਰੀ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਨੂੰ ਕੌਮੀ ਮਾਰਗ 754 ਨਾਲ ਜੋੜਨ ਵਾਲੀ ਸੜਕ ਲਈ ਕੌਮੀ ਮਾਰਗ ਅਥਾਰਿਟੀ ਵੱਲੋਂ ਗ੍ਰਹਿਣ ਕੀਤੀ ਜਾਣ ਵਾਲੀ ਐਤੀਆਣਾ ਅਤੇ ਹਲਵਾਰਾ ਪਿੰਡਾਂ ਦੀ ਕਰੀਬ 35 ਏਕੜ ਜ਼ਮੀਨ ਦੇਣ ਤੋਂ ਦੋਵੇਂ ਪਿੰਡਾਂ ਦੇ ਕਿਸਾਨਾਂ ਨੇ ਕੋਰੀ ਨਾਂਹ ਕਰ ਦਿੱਤੀ ਹੈ। ਇਸ ਸਬੰਧੀ ਮੰਗ ਪੱਤਰ ਜ਼ਿਲ੍ਹਾ ਮਾਲ ਅਫ਼ਸਰ ਪ੍ਰਦੀਪ ਸਿੰਘ ਬੈਂਸ ਨੂੰ ਕਿਸਾਨ ਆਗੂਆਂ ਨੇ ਸੌਂਪਿਆ ਹੈ। ਐਤੀਆਣਾ ਦੇ ਸਰਪੰਚ ਲਖਵੀਰ ਸਿੰਘ, ਬੀਕੇਯੂ (ਸਿੱਧੂਪੁਰ) ਦੇ ਪ੍ਰਧਾਨ ਜਸਪ੍ਰੀਤ ਸਿੰਘ, ਸਰਬਜੀਤ ਸਿੰਘ ਗਿੱਲ ਬੀਕੇਯੂ (ਡਕੌਂਦਾ), ਕਿਸਾਨ ਆਗੂ ਗੁਰਮੇਲ ਸਿੰਘ ਅਤੇ ਜਗਰੂਪ ਸਿੰਘ ਤੋਂ ਇਲਾਵਾ ਦਰਜਨਾਂ ਹੋਰ ਕਿਸਾਨਾਂ ਦੇ ਦਸਖ਼ਤਾਂ ਹੇਠ ਮੰਗ ਪੱਤਰ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਲੁੱਟਣ ਲਈ ਕਾਹਲੀ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਸਰਕਾਰ ਸੱਚਮੁੱਚ ਕਿਸਾਨਾਂ ਦੀ ਰਾਖੀ ਲਈ ਬਚਨਬੱਧ ਹੈ ਤਾਂ ਨੋਟੀਫ਼ਿਕੇਸ਼ਨ ਨੂੰ ਫ਼ੌਰੀ ਰੱਦ ਕਰੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਜ਼ਮੀਨ ਗ੍ਰਹਿਣ ਕਾਨੂੰਨ 2013 ਦੀ ਥਾਂ ਕੌਮੀ ਮਾਰਗ ਜ਼ਮੀਨ ਗ੍ਰਹਿਣ ਕਾਨੂੰਨ 1956 ਦੀ ਵਰਤੋਂ ਕਰ ਕੇ ਜ਼ਮੀਨ ਗ੍ਰਹਿਣ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਸੱਤਾਧਾਰੀ ਪਾਰਟੀ ਦੇ ਆਗੂਆਂ ਉੱਪਰ ਦੋਸ਼ ਲਾਇਆ ਕਿ ਪਹਿਲਾਂ ਹਵਾਈ ਅੱਡੇ ਲਈ 80 ਲੱਖ ਪ੍ਰਤੀ ਏਕੜ ਦਾ ਵਾਅਦਾ ਕਰ ਕੇ ਕਿਸਾਨਾਂ ਨੂੰ ਕੇਵਲ 21 ਲੱਖ ਰੁਪਏ ਹੀ ਦਿੱਤੇ ਗਏ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜ਼ਮੀਨ ਗ੍ਰਹਿਣ ਕਰਨ ਲਈ ਭੂਮੀ ਗ੍ਰਹਿਣ ਕਾਨੂੰਨ 2013 ਅਧੀਨ ਨਵੇਂ ਸਿਰੇ ਤੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। ਕਿਸਾਨ ਆਗੂਆਂ ਨੇ ਸੁਚੇਤ ਕੀਤਾ ਕਿ ਕਰੀਬ 10 ਫੁੱਟ ਉੱਚਾ ਬਣਨ ਵਾਲੇ ਇਸ ਕੌਮੀ ਮਾਰਗ ਦੇ ਨੇੜੇ ਬਚੀ ਜ਼ਮੀਨ ਦੀ ਕੀਮਤ ਅਤੇ ਫਸਲਾਂ ਦੇ ਝਾੜ ਉੱਪਰ ਵੀ ਮਾਰੂ ਅਸਰ ਪਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜ਼ੋਰ-ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੱਕਾ ਮੋਰਚਾ ਲਾਇਆ ਜਾਵੇਗਾ।