ਜਸਬੀਰ ਸ਼ੇਤਰਾ
ਜਗਰਾਉਂ, 16 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਮੂੰਗੀ ਦੀ ਹੱਬ ਜਗਰਾਉਂ ਅਨਾਜ ਮੰਡੀ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੰਡੀਆਂ ’ਚ ਮੂੰਗੀ ਦੀ ਫ਼ਸਲ ਦੀ ਹੋ ਰਹੀ ਬੇਕਦਰੀ ਅਤੇ ਲੁੱਟ ਖ਼ਿਲਾਫ਼ ਰੋਸ ਰੈਲੀ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਿਸਾਨ ਸਭਾ ਦੇ ਆਗੂਆਂ ਮਹਿੰਦਰ ਸਿੰਘ ਕਮਾਲਪੁਰਾ, ਤਰਲੋਚਨ ਸਿੰਘ ਝੋਰੜਾਂ, ਰਘਬੀਰ ਸਿੰਘ ਬੈਨੀਪਾਲ, ਚਮਕੌਰ ਸਿੰਘ ਬੀਰਮੀ ਨੇ ਕਿਹਾ ਕਿ ਇਕ ਪਾਸੇ ਐੱਮਐੱਸਪੀ ਤਹਿਤ ਮੂੰਗੀ ਖ਼ਰੀਦਣ ਦੇ ਦਮਗਜੇ ਭਗਵੰਤ ਮਾਨ ਹਕੂਮਤ ਮਾਰ ਰਹੀ ਹੈ ਤੇ ਦੂਜੇ ਪਾਸੇ ਮੰਡੀਆਂ ’ਚ 7275 ਰੁਪਏ ਦੀ ਥਾਂ ਛੇ ਹਜ਼ਾਰ ਰੁਪਏ ’ਚ ਮੂੰਗੀ ਲੁੱਟੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਸਲ ’ਚ ਕਾਂਗਰਸੀਆਂ ਤੇ ਅਕਾਲੀਆਂ ਨੂੰ ਵੀ ਮਾਤ ਪਾ ਰਹੀ ਹੈ। ਇਸ ਸਮੇਂ ਅਨਾਜ ਮੰਡੀ ਤੋਂ ਐੱਸਡੀਐੱਮ ਦਫ਼ਤਰ ਤੱਕ ਮਾਰਚ ਕਰਦਿਆਂ ਮੁੱਖ ਮੰਤਰੀ ਦੇ ਨਾਮ ਯਾਦ ਪੱਤਰ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਇਕੱਠ ਨੇ ਉੱਤਰ ਪ੍ਰਦੇਸ਼ ਵਿੱਚ ਕਿਸਾਨ ਆਗੂ ਆਸ਼ੀਸ਼ ਮਿਤੱਲ ਸਮੇਤ ਗਿਆਰਾਂ ਸਾਥੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਨਿਖੇਧੀ ਦਾ ਮਤਾ ਪਾਸ ਕੀਤਾ। ਕਿਸਾਨਾਂ ਨੇ ਇਹ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ। ਰੈਲੀ ਨੂੰ ਕੰਵਲਜੀਤ ਖੰਨਾ, ਜਗਤਾਰ ਸਿੰਘ ਦੇਹੜਕਾ, ਹਰਜੀਤ ਸਿੰਘ ਜਨੇਤਪੁਰਾ, ਤਾਰਾ ਸਿੰਘ ਅੱਚਰਵਾਲ, ਕਮਲਜੀਤ ਸਿੰਘ ਹੈਪੀ, ਬਲਰਾਜ ਸਿੰਘ ਕੋਟਉਮਰਾ, ਇੰਦਰਜੀਤ ਸਿੰਘ ਧਾਲੀਵਾਲ, ਸਤਬੀਰ ਸਿੰਘ ਬੋਪਾਰਾਏ ਤੇ ਮਨੋਹਰ ਸਿੰਘ ਝੋਰੜਾਂ ਆਦਿ ਨੇ ਸੰਬੋਧਨ ਕੀਤਾ। ਆਗੂਆਂ ਤੇ ਕਿਸਾਨਾਂ ਨੇ ਮੰਗ ਕੀਤੀ ਕਿ ਮੂੰਗੀ ਦੀ ਖਰੀਦ ਸਰਕਾਰ ਵੱਲੋਂ ਮਿੱਥੇ ਭਾਅ ’ਤੇ ਹੋਵੇ। ਸਰਕਾਰ ਇਸ ਪਾਸੇ ਫੌਰੀ ਧਿਆਨ ਦੇਵੇ ਤੇ ਬਹੁਤ ਘੱਟ ਭਾਅ ’ਤੇ ਖਰੀਦ ਕਰਦੇ ਵਪਾਰੀਆਂ ਨੂੰ ਵਰਜਿਆ ਜਾਵੇ।