ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਦਸੰਬਰ
ਖੇਤੀ ਵਰਤੋਂ ਲਈ ਯੂਰੀਆ ਦੀ ਘਾਟ ਦੂਰ ਕਰਨ ’ਚ ਪ੍ਰਸ਼ਾਸਨ ਦੇ ਨਾਕਾਮ ਰਹਿਣ ਦੇ ਰੋਸ ਵਜੋਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਅੱਜ ਇੱਥੇ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਇਲਾਵਾ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਸਾਲ ਤੋਂ ਲੰਮੇ ਚੱਲੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਇਲਾਕੇ ਦੇ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਵੀ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਾਕਾਰੀ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਦੇ ਮੱਦੇਨਜ਼ਰ ਰੈਲੀਆਂ ਤੇ ਇਸ਼ਤਿਹਾਰਬਾਜ਼ੀ ’ਚ ਦਾਅਵਾ ਕਰ ਰਹੀ ਹੈ ਕਿ ਕਿਸਾਨੀ ਘੋਲ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਤੇ ਆਸ਼ਰਿਤਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਲਾਕੇ ’ਚ ਕੁਝ ਅਜਿਹੇ ਸ਼ਹੀਦ ਕਿਸਾਨ ਪਰਿਵਾਰ ਹਨ ਜਿਨ੍ਹਾਂ ਨੂੰ ਨਾ ਤਾਂ ਸਰਕਾਰ ਦੀ ਮੁਆਵਜ਼ਾ ਰਾਸ਼ੀ ਮਿਲੀ ਹੈ ਅਤੇ ਨਾ ਹੀ ਕਿਸੇ ਪਰਿਵਾਰਕ ਜੀਅ ਨੂੰ ਯੋਗਤਾ ਅਨੁਸਾਰ ਨੌਕਰੀ ਦੇਣ ਦੀ ਕੋਈ ਪ੍ਰਕਿਰਿਆ ਹੀ ਸ਼ੁਰੂ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ’ਚ ਸਥਾਨਕ ਐੱਡਅੀਐੱਮ ਦਫ਼ਤਰ ਅੱਗੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ’ਚ ਪੰਜਾਬ ਸਰਕਾਰ ਦੇ ਨਾਂ ਭੇਜੇ ਮੰਗ ਪੱਤਰ ’ਚ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਨੌਕਰੀ ਜਲਦ ਦੇਣ, ਖੇਤੀ ਵਰਤੋਂ ਲਈ ਯੂਰੀਆ ਖਾਦ ਦੀ ਘਾਟ ਦੂਰ ਕਰਨ, ਪਿੰਡਾਂ ’ਚ ਫ਼ਸਲਾਂ ਦਾ ਨਾਸ ਮਾਰ ਰਹੇ ਜੰਗਲੀ ਸੂਰਾਂ ਤੇ ਹੋਰ ਜਾਨਵਰਾਂ ਨੂੰ ਕਾਬੂ ਕਰਨ ਆਦਿ ਮੁੱਦਿਆਂ ਦੇ ਹੱਲ ਲਈ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ। ਇਸ ਮੌਕੇ ਕੰਵਲਜੀਤ ਖੰਨਾ, ਇੰਦਰਜੀਤ ਧਾਲੀਵਾਲ, ਗੁਰਪ੍ਰੀਤ ਸਿੰਘ ਨੇ ਐੱਸਡੀਐੱਮ ਨੂੰ ਮੰਗਾਂ ਦੀ ਪੂਰਤੀ ਲਈ ਪੱਤਰ ਸੌਂਪਿਆ।