ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਜਨਵਰੀ
ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਲਈ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਅਤੇ ਪਿਛਲੇ ਦਿਨੀਂ ਬੇਮੌਸਮੀ ਬਾਰਿਸ਼ ਕਰਕੇ ਫ਼ਸਲਾਂ ਦੇ ਖਰਾਬੇ ਦਾ ਮੁਆਵਜ਼ਾ ਦੇਣ ਦੀ ਦਿਸ਼ਾ ’ਚ ਕੋਈ ਕਦਮ ਨਾ ਪੁੱਟਣ ਖ਼ਿਲਾਫ਼ ਕਿਸਾਨਾਂ ਦਾ ਰੋਹ ਵਧ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਫ਼ਸਲਾਂ ਦੇ ਖਰਾਬੇ ਦੀ ਗਿਰਦਾਵਰੀ ਕਰਵਾਉਣ ਲਈ ਬੀਤੇ ਦਿਨੀਂ ਪ੍ਰਸ਼ਾਸਨ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾਈ ਆਗੂਆਂ ਨੇ ਜਗਰਾਉਂ ਇਲਾਕੇ ’ਚ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਧਰਨਾ ਵੀ ਦਿੱਤਾ ਸੀ। ਇਸ ਦੇ ਬਾਵਜੂਦ ਵੋਟਾਂ ਲੈਣ ਲਈ ਸਰਗਰਮ ਹਾਕਮ ਧਿਰ ਕਿਸਾਨਾਂ ਦੇ ਦਰਦ ਨੂੰ ਅਣਗੌਲਿਆਂ ਕਰ ਰਹੀ ਹੈ। ਜਥੇਬੰਦੀ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਦਵਿੰਦਰ ਸਿੰਘ ਮਲਸੀਹਾਂ ਨੇ ਇਥੇ ਮੀਟਿੰਗ ਦੌਰਾਨ ਕਿਹਾ ਕਿ ਜੇ ਦੋ ਦਿਨਾਂ ’ਚ ਫ਼ਸਲਾਂ ਦੇ ਖਰਾਬੇ ਦਾ ਮੁਆਵਜ਼ਾ ਅਤੇ ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਲਈ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਦਾ ਪ੍ਰਬੰਧ ਨਾ ਕੀਤਾ ਤਾਂ 31 ਜਨਵਰੀ ਨੂੰ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਚੱਕਾ ਜਾਮ ਕੀਤਾ ਜਾਵੇਗਾ। ਚਾਰ ਵਾਰ ਸਥਾਨਕ ਐੱਸਡੀਐੱਮ ਨੂੰ ਮਿਲਣ ਉਪਰੰਤ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸਗੋਂ ਵੋਟ ਪ੍ਰਬੰਧਾਂ ਦੀ ਆੜ ’ਚ ਜ਼ੁਬਾਨੀ ਜਮ੍ਹਾਂ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਚਕਰ ਤੇ ਡਾਂਗੀਆਂ ਵਰਗੇ ਪਿੰਡਾਂ ’ਚ ਆਲੂ ਤੇ ਸਬਜ਼ੀ ਉਤਪਾਦਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸਿੱਟੇ ਵਜੋਂ ਅਤਿਅੰਤ ਪ੍ਰੇਸ਼ਾਨੀ ’ਚੋਂ ਲੰਘ ਰਹੇ ਕਿਸਾਨ ਕਰਜ਼ੇ ਦੀਆਂ ਕਿਸ਼ਤਾਂ ਅਤੇ ਮਾਮਲੇ ਮੋੜਨ ’ਚ ਬੁਰੀ ਤਰ੍ਹਾਂ ਅਸਮਰੱਥ ਹਨ। ਵੋਟ ਰਾਜਨੀਤੀ ਦਾ ਜਨਾਜ਼ਾ ਨਿਕਲ ਰਿਹਾ ਹੈ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਲਈ ਇਨ੍ਹਾਂ ਕੋਲ ਕਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਦੀ ਆੜ ’ਚ ਜੇ ਬੰਦ ਸਰਕਾਰੀ ਸਕੂਲ ਪਹਿਲੀ ਫਰਵਰੀ ਤੋਂ ਨਾ ਖੋਲ੍ਹੇ ਗਏ ਤਾਂ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ 4 ਫਰਵਰੀ ਨੂੰ ਸਮੂਹ ਮਾਪਿਆਂ ਨੂੰ ਨਾਲ ਲੈ ਕੇ ਦੋ ਘੰਟੇ ਲਈ ਫਿਰ ਚੱਕਾ ਜਾਮ ਕੀਤਾ ਜਾਵੇਗਾ।