ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਜੁਲਾਈ
ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਸਭਾ ਅਤੇ ਸੀਟੂ ਦੀ ਸਾਂਝੀ ਮੀਟਿੰਗ ਇੱਥੇ ਸੁੰਦਰ ਨਗਰ ਸਥਿਤ ਪਾਰਟੀ ਦਫ਼ਤਰ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਦਰਸ਼ਨ ਸਿੰਘ ਓਬਰਾਏ, ਹਾਕਮ ਸਿੰਘ ਡੱਲਾ, ਨਿਰਮਲ ਸਿੰਘ ਨਿੰਮਾ, ਗੁਰਦੀਪ ਸਿੰਘ ਕੋਟਉਮਰਾ ਨੇ ਕੀਤੀ। ਸੂਬਾ ਵਿੱਤ ਸਕੱਤਰ ਕਾਮਰੇਡ ਬਲਦੇਵ ਸਿੰਘ ਲਤਾਲਾ ਅਤੇ ਬਲਬੀਰ ਸਿੰਘ ਮੁਹਾਣੀ ਨੇ ਦੱਸਿਆ ਕਿ 9 ਅਗਸਤ 1942 ਨੂੰ ਮਹਾਤਮਾ ਗਾਂਧੀ ਵੱਲੋਂ ਵਿੱਢੇ ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਤਹਿਤ ਉਕਤ ਤਿੰਨੇ ਜਥੇਬੰਦੀਆਂ ਇਸ ਦਿਨ ਦੇਸ਼ ਭਰ ’ਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਆਪਣੇ ਆਪ ਨੂੰ ਹਰ ਸਾਲ ਗ੍ਰਿਫ਼ਤਾਰੀ ਲਈ ਪੇਸ਼ ਕਰਦੀਆਂ ਹਨ ਪਰ ਇਸ ਵਾਰ 9 ਅਗਸਤ ਨੂੰ ਤਿੰਨਾਂ ਜਥੇਬੰਦੀਆਂ ਨੇ ਵੱਖਰਾ ਪ੍ਰੋਗਰਾਮ ਉਲੀਕਿਆ ਹੈ। ਇਸ ਦਿਨ ਤਿੰਨੇ ਜਥੇਬੰਦੀਆਂ ‘ਅਡਾਨੀਓ-ਅੰਬਾਨੀਓ ਦੇਸ਼ ਨੂੰ ਲੁੱਟਣਾ ਛੱਡੋ ਅਤੇ ਮੋਦੀ ਜੀ ਗੱਦੀ ਛੱਡੋ’ ਦੇ ਨਾਅਰੇ ਹੇਠ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦੇਣਗੀਆਂ। ਉਨ੍ਹਾਂ ਕਿਹਾ ਕਿ 25 ਜੁਲਾਈ ਤੋਂ 8 ਅਗਸਤ ਤਕ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ’ਚ ਪੰਦਰਵਾੜਾ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਮੁੱਖ ਮੰਗਾਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨਾ, ਲੇਬਰ ਕੋਡ ਅਤੇ ਬਿਜਲੀ ਸੋਧ ਬਿੱਲ ਰੱਦ ਕਰਨਾ ਹਨ। ਇਸ ਦੌਰਾਨ ਮੀਟਿੰਗ ’ਚ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਨਿੱਜੀਕਰਨ ਵੱਲ ਵਧਾਏ ਜਾ ਰਹੇ ਕਦਮਾਂ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 26 ਜੁਲਾਈ ਅਤੇ 9 ਅਗਸਤ ਨੂੰ ਦੇਸ਼ ਭਰ ’ਚ ਕਿਸਾਨ ਸਭਾ ਦੀ ਅਗਵਾਈ ਹੇਠ ਇਸਤਰੀ ਸਭਾ ਵੱਲੋਂ ਮਾਰਚ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ’ਚ ਪਾਲ ਸਿੰਘ ਭੰਮੀਪੁਰਾ, ਮਲਕੀਤ ਸਿੰਘ, ਜਗਜੀਤ ਸਿੰਘ ਡਾਂਗੀਆਂ, ਮੁਖਤਿਆਰ ਸਿੰਘ ਢੋਲਣ, ਪਰਮਜੀਤ ਸਿੰਘ ਪੰਮਾ, ਭਰਪੂਰ ਸਿੰਘ ਛੱਜਾਵਾਲ, ਬਲਦੇਵ ਸਿੰਘ ਰੂਮੀ, ਸੁਖਦੇਵ ਸਿੰਘ ਲੀਲਾਂ, ਕਰਤਾਰ ਸਿੰਘ ਭੰਮੀਪੁਰਾ, ਕੁਲਦੀਪ ਸਿੰਘ ਲਤਾਲਾ, ਸ਼ੇਰ ਸਿੰਘ ਆਦਿ ਸ਼ਾਮਲ ਹੋਏ।