ਸੰਤੋਖ ਗਿੱਲ
ਗੁਰੂਸਰ ਸੁਧਾਰ, 28 ਸਤੰਬਰ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਅੱਗੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਮਨਾਇਆ ਗਿਆ। ਕਸਬਾ ਜੋਧਾਂ ਤੋਂ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਹਾਰ ਪਾਉਣ ਬਾਅਦ ਵੱਖ-ਵੱਖ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕਰ ਕੇ ਪੁੱਜੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜਥੇ ਦਾ ਖ਼ੁਸ਼ਕ ਬੰਦਰਗਾਹ ਸਾਹਮਣੇ ਜ਼ੋਰਦਾਰ ਸਵਾਗਤ ਕੀਤਾ ਗਿਆ। ਸਮਾਗਮ ਦੀ ਅਗਵਾਈ ਕੁਲਜੀਤ ਕੌਰ ਗਰੇਵਾਲ ਨੇ ਕੀਤੀ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਅਤੇ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਸ਼ਹੀਦ ਭਗਤ ਸਿੰਘ ਦੇ “ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜ ਮੁਰਦਾਬਾਦ” ਦੇ ਨਾਅਰੇ ਦਾ ਮਹੱਤਵ ਅੱਜ ਹੋਰ ਵੀ ਵੱਧ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਮਰਾਜੀ ਸ਼ਕਤੀਆਂ ਹੁਣ ਲੋਕਾਂ ਦੇ ਚੁੱਲ੍ਹਿਆਂ ਤੱਕ ਹਮਲਾ ਕਰ ਕੇ ਉਨ੍ਹਾਂ ਦੀ ਰੋਟੀ ਵੀ ਖੋਹ ਲੈਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਕਮਾਂ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਹਨ, ਜਿਸ ਕਰ ਕੇ ਕਿਰਤੀਆਂ ਅਤੇ ਕਿਸਾਨਾਂ ਵੱਲੋਂ ਮਿਹਨਤ ਨਾਲ ਪੈਦਾ ਕੀਤੀ ਦੌਲਤ ਨੂੰ ਸਾਮਰਾਜੀ ਲੁੱਟ ਰਹੇ ਹਨ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਲੱਡੂ ਵੰਡੇ ਅਤੇ ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜ ਮੁਰਦਾਬਾਦ ਦੇ ਅਕਾਸ਼ ਗੁੰਜਾਊ ਨਾਅਰੇ ਵੀ ਲਾਏ। ਜਨਵਾਦੀ ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਮਨਪ੍ਰੀਤ ਸੋਨੀ, ਡਾ. ਜਸਵਿੰਦਰ ਕੌਰ ਬਾੜੇਵਾਲ, ਡਾ. ਦੀਪਿਕਾ, ਕੁਲਜੀਤ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਜਗਤਾਰ ਸਿੰਘ ਚਕੋਹੀ ਨੇ ਵੀ ਸੰਬੋਧਨ ਕੀਤਾ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਇਕ ਸਾਲ ਤੋਂ ਚੱਲ ਰਹੇ ਕਿਸਾਨ ਮੋਰਚੇ ’ਚ ਅੱਜ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ 114ਵੇਂ ਜਨਮ ਦਿਹਾੜੇ ਮੌਕੇ ਯਾਦ ਕੀਤਾ ਗਿਆ। ਧਰਨਾਕਾਰੀਆਂ ਨੇ ਨਾਅਰਿਆਂ ਦੀ ਗੂੰਜ ’ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਅਧੂਰੇ ਕਾਜ ਪੂਰੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਮ ਬੰਦੇ ਦੀ ਜੂਨ ਬਦਲਣ ਕਿਸੇ ਸਿਆਸੀ ਲੀਡਰ ਨੇ ਨਹੀਂ ਆਉਣਾ ਅਤੇ ਨਾ ਹੀ ਕੋਈ ਕ੍ਰਿਸ਼ਮਾ ਹੋਣਾ ਹੈ ਸਗੋਂ ਸਾਰਿਆਂ ਨੂੰ ਇਕ-ਦੂਜੇ ਦੇ ਮੋਢੇ ਨਾਲ ਮੋਢੇ ਜੋੜ ਕੇ ਆਪਣੀ ਕਿਸਮਤ ਦਾ ਫ਼ੈਸਲਾ ਆਪ ਕਰਨ ਲਈ ਡੱਟਣਾ ਪੈਣਾ ਹੈ। ਚੌਕੀਮਾਨ ਟੌਲ ’ਤੇ ਧਰਨੇ ਦੇ 363ਵੇਂ ਦਿਨ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਆਗੂ ਜਸਦੇਵ ਸਿੰਘ ਲਲਤੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਮਾ. ਆਤਮਾ ਸਿੰਘ ਬੋਪਾਰਾਏ, ਮਾ. ਰਣਜੀਤ ਸਿੰਘ ਸਿੱਧਵਾਂ, ਜਸਵੀਰ ਸਿੰਘ ਬੱਦੋਵਾਲ, ਉਜਾਗਰ ਸਿੰਘ ਬੱਦੋਵਾਲ, ਰਣਜੀਤ ਸਿੰਘ ਗੁੜੇ, ਚਰਨ ਸਿੰਘ ਸਰਾਭਾ, ਸੂਬੇਦਾਰ ਦਵਿੰਦਰ ਸਿੰਘ ਆਦਿ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਸਬੰਧੀ ਐਲਾਨ ਕਰਕੇ ਕਿਸਾਨਾਂ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਖੇਤੀ ਮੰਤਰੀ ਨਰਿੰਦਰ ਤੋਮਰ ਸੰਘਰਸ਼ ਛੱਡ ਕੇ ਕਿਸਾਨਾਂ ਨੂੰ ਗੱਲਬਾਤ ਦਾ ਦੁਬਾਰਾ ਸੱਦਾ ਦੇ ਰਹੇ ਹਨ। ਪਰ ਬਿਨਾਂ ਕੋਈ ਸਥਾਨ ਤੇ ਸਮਾਂ ਦੱਸਿਆਂ ਅਤੇ ਬਿਨਾਂ ਕੋਈ ਸੱਦਾ ਪੱਤਰ ਦਿੱਤਿਆਂ ਹਵਾ ’ਚ ਗੱਲਾਂ ਕਰਦੇ ਹਨ। ਧਰਨਾਕਾਰੀਆਂ ਨੇ ਭਾਰਤ ਬੰਦ ਦੀ ਸਫ਼ਲਤਾ ’ਤੇ ਤਸੱਲੀ ਜ਼ਾਹਿਰ ਕਰਦਿਆਂ ਬੰਦ ਦੌਰਾਨ ਚੌਕੀਮਾਨ ਟੌਲ ’ਤੇ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਨੇ ਭਾਰਤ ਬੰਦ ਦੌਰਾਨ ਗਲਤ ਰਿਪੋਰਟਿੰਗ ਕੀਤੀ ਅਤੇ ਦਿੱਲੀ ’ਚ ਜਾਮ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਬਾਕੀ ਦਿਨਾਂ ’ਚ ਦਿੱਲੀ ਤੇ ਹੋਰਨਾਂ ਥਾਵਾਂ ’ਤੇ ਲੱਗਦੇ ਜਾਮ ਲਈ ਕੌਣ ਜ਼ਿੰਮੇਵਾਰ ਹੈ? ਅੱਜ ਦੇ ਧਰਨੇ ’ਚ ਚਮਕੌਰ ਸਿੰਘ ਬਰਮੀ, ਭਰਪੂਰ ਸਿੰਘ ਸਵੱਦੀ, ਇੰਦਰਜੀਤ ਸਿੰਘ ਪੱਬੀਆਂ, ਗੁਰਮਿੰਦਰ ਸਿੰਘ ਸੇਖੋਂ, ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਬਲਜੀਤ ਸਿੰਘ ਸਵੱਦੀ ਆਦਿ ਵੀ ਸ਼ਾਮਲ ਸਨ।