ਸੰਤੋਖ ਗਿੱਲ
ਗੁਰੂਸਰ ਸੁਧਾਰ, 22 ਦਸੰਬਰ
ਬੀਬੀ ਮਾਤਾ ਚੰਦ ਕੌਰ ਅਤੇ ਬਚਨ ਕੌਰ ਦੇ ਪਿੰਡ ਐਤੀਆਣਾ ਨੇ ਆਪਣੀਆਂ ਇਨਕਲਾਬੀ ਰਵਾਇਤਾਂ ਨੂੰ ਕਾਇਮ ਰੱਖਦਿਆਂ ਅੱਜ ਇਕ ਹੋਰ ਜਥਾ ਦਿੱਲੀ ਕਿਸਾਨ ਮੋਰਚੇ ਲਈ ਰਵਾਨਾ ਕੀਤਾ। ਇਸ ਮੌਕੇ ਸਰਪੰਚ ਲਖਵੀਰ ਸਿੰਘ ਨੇ ਜਥੇ ਦੇ ਸਾਰੇ ਮੈਂਬਰਾਂ ਨੂੰ ਸਿਰੋਪੇ ਭੇਟ ਕਰ ਕੇ ਦਿੱਲੀ ਲਈ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਇਕਬਾਲ ਸਿੰਘ ਦੇ ਪਰਿਵਾਰ ਵੱਲੋਂ ਜਥੇ ਦੇ ਹੱਥ ਗਰਮ ਕੱਪੜੇ ਵੀ ਭੇਜੇ ਜਾ ਰਹੇ ਹਨ ਅਤੇ ਗਿਆਨੀ ਹਰਪਾਲ ਸਿੰਘ ਵੱਲੋਂ ਮੋਰਚੇ ਦੀ ਸਹਾਇਤਾ ਲਈ 10 ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਜੀ ਗਈ ਹੈ। ਇਸ ਦੌਰਾਨ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ ਸਮੇਤ ਕਈ ਪੰਚ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਜਗਰਾਉਂ (ਪੱਤਰ ਪ੍ਰੇਰਕ): ਦਿੱਲੀ ਮੋਰਚੇ ਦੀ ਸਫ਼ਲਤਾ ਅਤੇ ਜਿੱਤ ਲਈ ਜਿੱਥੇ ਰੋਜ਼ਾਨਾ ਗੁਰੁੂ ਘਰਾਂ ’ਚ ਅਰਦਾਸ ਬੇਨਤੀਆਂ ਦਾ ਦੌਰ ਜਾਰੀ ਹੈ, ਉੱਥੇ ਹੀ ਪਿੰਡਾਂ ਵਿੱਚੋਂ ਰੋਜ਼ਾਨਾ ਕਾਰਾਂ, ਮੋਟਰਸਾਈਕਲਾਂ ਤੇ ਟਰੱਕਾਂ ’ਤੇ ਨੌਜਵਾਨ, ਬਜ਼ੁਰਗ, ਬੱਚੇ ਤੇ ਬੀਬੀਆਂ ਦੇ ਜਥੇ ਰਵਾਨਾ ਹੋ ਰਹੇ ਹਨ। ਇਲਾਕੇ ਦੇ ਪਿੰਡ-ਪਿੰਡ ਵਿੱਚੋਂ ਹਰ ਘਰ ਦਾ ਇਕ ਵਿਅਕਤੀ ਆਪਣਾ ਫਰਜ਼ ਸਮਝ ਕੇ ਮੋਰਚੇ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹੈ। ਨੇੜਲੇ ਪਿੰਡ ਮਲਕ ਤੋਂ ਚੌਥਾ ਜਥਾ ਸਾਬਕਾ ਸਰਪੰਚ ਅਤੇ ਬਲਾਕ ਸਮਿਤੀ ਮੈਂਬਰ ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ।
ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਕਿਸਾਨਾਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਇੱਕ ਸੁੱਕੀਆਂ ਲੱਕੜਾਂ ਦਾ ਟਰੱਕ ਵੀ ਭੇਜਿਆ। ਇਸੇ ਤਰ੍ਹਾਂ ਪਿੰਡ ਰਸੂਲਪੁਰ ਤੋਂ ਕਿਰਤੀ ਕਿਸਾਨ ਯੂਨੀਅਨ ਆਗੂ ਤਰਲੋਚਨ ਸਿੰਘ, ਹਰਦੇਵ ਮੋਰ ਅਤੇ ਮਜ਼ਦੂਰ ਆਗੂ ਅਵਤਾਰ ਰਸੂਲਪੁਰ ਦੀ ਅਗਵਾਈ ਹੇਠ ਪੰਜਵਾਂ ਜਥਾ ਰਵਾਨਾ ਹੋਇਆ।